ਝੋਨੇ ਦੀ ਪਰਾਲੀ ਦਾ ਖੇਤ ਵਿਚ ਨਿਪਟਾਰਾ ਕਰਨ ਨਾਲ ਖੇਤਾਂ ਦੀ ਮਿੱਟੀ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ : ਮੁੱਖ ਖੇਤੀਬਾੜੀ ਅਫ਼ਸਰ

ਗੁਰਦਾਸਪੁਰ

ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ)– ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ। ਉਨ੍ਹਾਂ ਕਿਹਾ ਕਿ ਮਿੱਟੀ ਦੀ ਸਿਹਤ ਸੁਧਾਰਨ ਅਤੇ ਵਾਤਾਵਰਣ ਦੀ ਸ਼ੱਧਤਾ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਜਾਂ ਹਟਾਉਣ ਦੀ ਬਿਜਾਏ, ਖੇਤਾਂ ਵਿੱਚ ਮਿਲਾ ਦੇਣਾ ਚਾਹੀਦਾ ਹੈ।

ਡਾ. ਢਿਲੋਂ ਨੇ ਕਿਹਾ ਕਿ ਝੋਨੇ/ਬਾਸਮਤੀ ਦੀ ਕਟਾਈ ਉਪਰੰਤ ਖੇਤ ਵਿੱਚ ਖੜੇ ਫਸਲ ਦੇ ਕਚਰਿਆਂ ਵਿੱਚ ਬੀਜ ਅਤੇ ਡਾਇਆ ਖਾਦ ਦਾ ਛੱਟਾ ਦੇ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਕਟਾਈ ਉਪਰੰਤ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚੋਂ ਹਟਾਏ ਬਗੈਰ ਖੜੇ ਕਚਰਿਆਂ ਵਿੱਚ 40-45 ਕਿਲੋ ਬੀਜ ਦਾ ਛੱਟਾ ਦੇ ਦੇਣਾ ਚਾਹੀਦਾ ਹੈ ਅਤੇ ਛੱਟਾ ਦੇਣ ਉਪਰੰਤ ਮਲਚਰ ਜਾਂ ਕਟਰ ਕਮ ਸਪਰੈਡਰ ਨਾਲ ਪਰਾਲੀ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਇਕਸਾਰ ਖਿਲਾਰ ਦੇਣਾ ਚਾਹੀਦਾ ਹੈ ਤਾਂ ਜੋ ਕਣਕ ਸਹੀ ਤਰ੍ਹਾਂ ਉੱਗ ਸਕੇ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਰਫੇਸ ਸੀਡਰ ਨਾਮ ਦੀ ਇੱਕ ਮਸ਼ੀਨ ਵੀ ਵਿਕਸਤ ਕੀਤੀ ਗਈ ਜਿਸ ਤੇ ਪੰਜਾਬ ਸਰਕਾਰ ਵੱਲੋਂ 40000 ਤੋਂ 64000/- ਤੱਕ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇੱਕ ਵਾਰ ਫਿਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਸਲੀ ਰਹਿੰਦ-ਖੂੰਹਦ ਨੂੰ ਅੱਗ ਬਿਲਕੁਲ ਨਾ ਲਗਾਉਣ। ਉਨ੍ਹਾਂ ਕਿਹਾ ਕਿ ਪਰਾਲੀ ਦੇ ਨਿਪਟਾਰੇ ਲਈ ਤਕਨੀਕੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *