ਗੁਰਦਾਸਪੁਰ , 25 ਸਤੰਬਰ (ਸਰਬਜੀਤ ਸਿੰਘ)– ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਇਕ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਜਿਸ ਕਿਸਾਨ ਵਲੋਂ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਲੰਮੇ ਸਮੇਂ ਤੱਕ ਅੱਗ ਨਹੀਂ ਲਗਾਈ ਜਾਵੇਗੀ, ਉਸ ਕਿਸਾਨ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਵਾਤਾਵਰਣ ਦੇ ਰਾਖੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਸ ਵੀ ਕਿਸਾਨ ਕੋਲ ਵਾਤਾਵਰਣ ਦੇ ਰਾਖੇ ਸਰਟੀਫਿਕਟ ਹੋਵੇਗਾ, ਜੇਕਰ ਉਸਨੂੰ ਜਿਲ੍ਹਾ ਪ੍ਰਸ਼ਾਸਨ ਨਾਲ ਸਬੰਧਤ ਸਰਕਾਰੀ ਦਫਤਰਾਂ ਵਿੱਚ ਕੋਈ ਕੰਮ ਪੈਦਾਂ ਜਾਂ ਕੋਈ ਮੁਸਕਿਲ ਪੇਸ਼ ਆਉਂਦੀ ਹੈ ਤਾਂ ਉਸਦਾ ਕੰਮ ਨਿਯਮਾਂ ਅਨੁਸਾਰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।
ਹੁਕਮਾ ਵਿੱਚ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਦੇ ਪੋਸਟਿਕ ਤੱਤ ਨਸ਼ਟ ਹੁੰਦੇ ਹਨ ਅਤੇ ਜਮੀਨ ਦੀ ਉਪਜਾਊ ਸਕਤੀ ਵੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਾਹ ਦੀਆਂ ਕਈ ਭਿਆਨਿਕ ਬਿਮਾਰੀਆਂ ਵੀ ਫੈਲਦੀਆਂ ਹਨ। ਇਸ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਜਿਲ੍ਹਾ ਗੁਰਦਾਸਪੁਰ ਦੇ ਸਮੂਹ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਜਿਹੜੇ ਕੇਸਾਂ ਵਿੱਚ ਪਹਿਲਾਂ ਆਨਲਾਈਨ ਅਪਾਊਨਮੈਂਟ ਫਿਕਸਡ ਹੁੰਦੀ ਹੈ,ਉਥੇ ਇਹ ਹੁਕਮ ਲਾਗੂ ਨਹੀ ਹੋਣਗੇ।