ਜ਼ਿਲ੍ਹਾ ਲਾਇਬ੍ਰੇਰੀ ਬਚਾਓ ਐਕਸ਼ਨ ਕਮੇਟੀ ਦੇ ਸੱਦੇ ਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਤੱਕ ਰੋਸ ਪ੍ਰਦਰਸ਼ਨ, ਸੌਂਪਿਆ ਮੰਗ ਪੱਤਰ

ਬਠਿੰਡਾ-ਮਾਨਸਾ


ਮਾਨਸਾ, ਗੁਰਦਾਸਪੁਰ, 11 ਦਸੰਬਰ-(ਸਰਬਜੀਤ ਸਿੰਘ)- ਜ਼ਿਲ੍ਹਾ ਲਾਇਬ੍ਰੇਰੀ ਬਚਾਓ ਐਕਸ਼ਨ ਕਮੇਟੀ ਦੇ ਸੱਦੇ ਤੇ ਸੈਂਕੜੇ ਪਾਠਕਾਂ ਤੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਿਕ ਬਾਲ ਭਵਨ ਵਿਖੇ ਪਾਠਕ ਪੰਚਾਇਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪਿਆ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਸੁਖਜੀਤ ਸਿੰਘ ਰਾਮਾਨੰਦੀ,ਜ਼ਿਲਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਸੁਰਿੰਦਰ ਸਿੰਘ ਮਾਨਸਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਬਲਵਿੰਦਰ ਸਿੰਘ ਘਰਾਗਣਾਂ,ਪੀ ਐੱਸ ਯੂ ਵੱਲੋਂ ਅਰਵਿੰਦਰ ਕੌਰ,ਬਹੁਜਨ ਮੁਕਤੀ ਪਾਰਟੀ ਵੱਲੋਂ ਜਸਵੰਤ ਸਿੰਘ,ਲੋਕ ਕਲਾ ਮੰਚ ਮਾਨਸਾ ਵੱਲੋਂ ਬਿੱਟੂ ਮਾਨਸਾ, ਪੰਜਾਬ ਕਿਸਾਨ ਯੂਨੀਅਨ ਵੱਲੋਂ ਹਰਜਿੰਦਰ ਸਿੰਘ ਮਾਨਸ਼ਾਹੀਆ ਅਤੇ ਦਲਿਤ ਮਨੁੱਖੀ ਅਧਿਕਾਰ ਸਭਾ ਵੱਲੋਂ ਅਜੈਬ ਸਿੰਘ ਗੁਰੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਵਿਦਿਆਰਥੀ ਵਿਰੋਧੀ ਨਵੀਂ ਸਿੱਖਿਆ ਨੀਤੀ ਤਹਿਤ ਲਾਇਬ੍ਰੇਰੀਆਂ ਦੇ ਨਿੱਜੀਕਰਨ ਵੱਲ ਕਦਮ ਵਧਾਉਂਦੇ ਹੋਏ ਜ਼ਿਲ੍ਹਾ ਲਾਇਬ੍ਰੇਰੀ ਨੂੰ ਰੈੱਡ ਕਰਾਸ ਸੁਸਾਇਟੀ ਨੂੰ ਸੌਂਪ ਕੇ ਲਾਇਬ੍ਰੇਰੀਆਂ ਚਲਾਉਣ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ , ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲਾ ਲਾਇਬ੍ਰੇਰੀ ਬਚਾਉ ਕਮੇਟੀ ਦੇ ਖ਼ਜ਼ਾਨਚੀ ਖੁਸ਼ਹਾਲ ਸਿੰਘ ਬੁਰਜ ਢਿੱਲਵਾਂ ਨੇ ਬਾਖੂਬੀ ਨਿਭਾਈ ਅਤੇ ਮੰਚ ਸੰਚਾਲਨ ਕਮੇਟੀ ਦੀ ਭੂਮਿਕਾ ਜ਼ਿਲਾ ਲਾਇਬ੍ਰੇਰੀ ਬਚਾਉ ਕਮੇਟੀ ਦੇ ਸਹਾਇਕ ਖ਼ਜ਼ਾਨਚੀ ਅੰਕਿਤਾ ਮਾਨਸਾ ਅਤੇ ਰਮਨਦੀਪ ਕੌਰ ਨੇ ਬਾਖੂਬੀ ਨਿਭਾਈ।ਇਸ ਮੌਕੇ ਆਗੂਆਂ ਨੇ ਕਿਹਾ ਮਾਮਲਾ ਮਹਿਜ਼ ਜ਼ਿਲ੍ਹਾ ਲਾਇਬ੍ਰੇਰੀ ਨੂੰ ਬਚਾਉਣ ਦਾ ਹੀ ਨਹੀਂ ਹੈ। ਸਗੋਂ ਪੂਰੇ ਦੇ ਪੂਰੇ ਸਿੱਖਿਆ ਤੰਤਰ ਮੁਨਾਫੇਖੋਰਾਂ ਦੇ ਹੱਥ ਜਾਣ ਤੋਂ ਬਚਾਏ ਜਾਣ ਦਾ ਹੀ, ਵਿਦਿਆਰਥੀਆਂ ਦੇ ਮਾਪਿਆਂ ਦੀਆਂ ਜੇਬਾਂ ਤੇ ਜਿੱਥੇ ਜ਼ਿਲ੍ਹਾ ਲਾਇਬ੍ਰੇਰੀ ਦੀ ਬਜਾਇ ਯੂਥ ਲਾਇਬ੍ਰੇਰੀ ਬਣਾ ਕੇ ਬੋਝ ਪਾਇਆ ਜਾ ਰਿਹਾ ਹੈ, ਉੱਥੇ ਜ਼ਿਲ੍ਹੇ ਦੀ ਪ੍ਰਮੁੱਖ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਨੂੰ ਆਟੋਨੋਮਸ ਕਰਕੇ ਮਨਮਰਜ਼ੀ ਦੀਆਂ ਫੀਸਾਂ ਵਸੂਲਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਆਗੂਆਂ ਨੇ ਮੰਗ ਕੀਤੀ ਕਿ ਸਾਲ 2014 ਤੋਂ ਡਾਕਟਰ ਅੰਬੇਦਕਰ ਭਵਨ ਵਿੱਚ ਚੱਲ ਰਹੀ ਜਿਲਾ ਲਾਇਬ੍ਰੇਰੀ ਨੂੰ ਉਸ ਭਵਨ ਵਿੱਚ ਹੀ ਬਹਾਲ ਕੀਤਾ ਜਾਵੇ,ਜ਼ਿਲਾ ਲਾਇਬ੍ਰੇਰੀ ਲਈ ਸਰਕਾਰ ਵੱਲੋਂ ਪਿਛਲੇ ਸਾਲ ਦਿੱਤੇ ਗਏ ਕੰਪਿਊਟਰਾਂ ਸਮੇਤ ਸਾਰਾ ਇਨਫਰਾਸਟਰੱਕਚ ਉਸੇ ਬਿਲਡਿੰਗ ਵਿੱਚ ਹੀ ਪਹਿਲਾਂ ਦੀ ਤਰ੍ਹਾਂ ਲਾਗੂ ਕੀਤਾ ਜਾਵੇ,ਡਾਕਟਰ ਅੰਬੇਦਕਰ ਭਵਨ ਮਾਨਸਾ ਵਿੱਚ ਜ਼ਿਲਾ ਲਾਇਬ੍ਰੇਰੀ ਦੀ ਵਿਵਸਥਾ ਪੱਕੇ ਹੁਕਮਾਂ ਅਧੀਨ ਕੀਤੀ ਜਾਵੇ,ਲਾਇਬ੍ਰੇਰੀ ਅੰਦਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ ਅਤੇ ਲਾਇਬ੍ਰੇਰੀ ਖੁੱਲੀ ਰਹਿਣ ਦਾ ਸਮਾਂ ਵਧਾਉਂਦੇ ਹੋਏ ਲਾਇਬ੍ਰੇਰੀ ਨੂੰ ਦਿਨ ਰਾਤ ਖੋਲਣ ਦੀ ਵਿਵਸਥਾ ਕੀਤੀ ਜਾਵੇ,ਜ਼ਿਲਾ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ,ਕਲਰਕ ਅਤੇ ਰੀਸਟੋਰਰ ਦੀਆਂ ਆਸਾਮੀਆਂ ਲਈ ਪੱਕੀ ਭਰਤੀ ਕੀਤੀ ਜਾਵੇ।
ਇਸ ਮੌਕੇ ਜਦੋਂ ਪਾਠਕਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਵੱਲ ਮਾਰਚ ਕੀਤਾ ਗਿਆ।ਉਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਮਾਨਸਾ ਵੱਲੋਂ ਮੰਗ ਪੱਤਰ ਪ੍ਰਾਪਤ ਕਰਦੇ ਹੋਏ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹਾ ਲਾਇਬ੍ਰੇਰੀ ਨੂੰ ਮੁੜ ਬਹਾਲ ਕਰਕੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਚਾਲੂ ਰੱਖਿਆ ਜਾਵੇਗਾ।
ਇਸ ਮੌਕੇ ਆਇਸਾ ਵੱਲੋਂ ਜ਼ਿਲ੍ਹਾ ਕਾਰਜਕਾਰੀ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ,ਜ਼ਿਲਾ ਸੱਤਨਾਮ ਸਿੰਘ ਗੰਢੂ ਖੁਰਦ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਦੀ ਮੀਤ ਪ੍ਰਧਾਨ ਅਮਨਦੀਪ ਕੌਰ ਉੱਡਤ ਭਗਤ ਰਾਮ,ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਕੇ ਅਤੇ ਕਾਲਜ ਕਮੇਟੀ ਮੈਂਬਰ ਬਲਕਰਨ ਸਿੰਘ ਗੰਢੂ ਖੁਰਦ,ਪੰਜਾਬ ਕਿਸਾਨ ਯੂਨੀਅਨ ਵੱਲੋਂ ਸੁਖਚਰਨ ਸਿੰਘ ਦਾਨੇਵਾਲਾ,ਜ਼ਿਲਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਪ੍ਰੇਰਨਾ,ਹਰਜੋਤ ਸਿੰਘ,ਬਲਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *