ਮਾਨਸਾ, ਗੁਰਦਾਸਪੁਰ, 9 ਦਸੰਬਰ – ( ਸਰਬਜੀਤ ਸਿੰਘ)-ਮਾਨਸਾ ਵਿਖੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਬੰਦ ਕਰਕੇ ਯੂਥ ਲਾਇਬ੍ਰੇਰੀ ਦੇ ਨਾਂ ਹੇਠ ਲਾਇਬ੍ਰੇਰੀਆਂ ਦੇ ਨਿੱਜੀਕਰਨ ਵੱਲ ਵੱਧ ਰਹੀ ਧੁੱਸ ਦੀ ਨੀਤੀ ਖਿਲਾਫ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਅਤੇ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਵੱਲੋਂ ਸਥਾਨਕ ਬੱਸ ਸਟੈਂਡ ਕੋਲ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਦਸਤਖ਼ਤੀ ਮੁਹਿੰਮ ਚਲਾ ਕੇ 11ਦਸੰਬਰ ਨੂੰ ਬਾਲ ਭਵਨ ਮਾਨਸਾ ਵਿਖੇ ਪਾਠਕ ਪੰਚਾਇਤ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਅਤੇ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਖੁਸ਼ਹਾਲ ਸਿੰਘ ਬੁਰਜ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਜ਼ਿਲ੍ਹਾ ਲਾਇਬ੍ਰੇਰੀ ਚਲਾਉਣ ਤੋਂ ਭੱਜ ਰਹੀ ਹੈ ਅਤੇ ਉਸਦੇ ਸਟਰੱਕਚਰ ਨੂੰ ਰੈੱਡ ਕਰਾਸ ਦੇ ਹਵਾਲੇ ਕਰਕੇ ਪਾਠਕਾਂ ਦੀਆਂ ਜੇਬਾਂ ਤੇ ਭਾਰ ਪਾਉਣ ਵੱਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਬੇਹਤਰ ਸਿੱਖਿਆ ਦਾ ਨਾਅਰਾ ਦੇਣ ਤੋਂ ਬਾਅਦ ਸੱਤਾ ਵਿਚ ਆਈ ਸਰਕਾਰ ਲਾਇਬ੍ਰੇਰੀਆਂ ਦਾ ਭੋਗ ਪਾਉਣ ਵਾਲੇ ਪਾਸੇ ਵੱਧ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਨਿਰਾਸ਼ਾ ਦੇ ਆਲਮ ਵੱਲ ਧੱਕ ਰਹੀ ਹੈ। ਸਮੇਂ ਦੀ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਨਿੱਜੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਵਿਦਿਆਰਥੀ ਵਿਰੋਧੀ ਨੀਤੀਆਂ ਨੂੰ ਅਮਲੀ ਜਾਮਾਂ ਪਹਿਨਾ ਕੇ ਵਿਦਿਆਰਥੀਆਂ ਦੀ ਅੰਨ੍ਹੀ ਆਰਥਿਕ ਲੁੱਟ ਕਰਨ ਦਾ ਚਿਹਰਾ ਉਜਾਗਰ ਹੋ ਰਿਹਾ ਹੈ ਅਤੇ ਅਜਿਹੇ ਸਮੇਂ ਸਰਗਰਮ ਵਿਦਿਆਰਥੀ ਤਾਕਤ ਅਤੇ ਇਲਾਕੇ ਦੀਆਂ ਸਮੂਹ ਸਰਗਰਮ ਨੌਜਵਾਨ,ਵਿਦਿਆਰਥੀ ਮਜ਼ਦੂਰ,ਕਿਸਾਨ,ਮੁਲਾਜ਼ਮ,ਦੁਕਾਨਦਾਰ, ਦਲਿਤ ਅਤੇ ਅਧਿਆਪਕ ਜਥੇਬੰਦੀਆਂ ਨੂੰ ਇਸਦਾ ਜੁਆਬ ਦੇਣ ਦੇ ਲਈ 11ਦਸੰਬਰ ਨੂੰ ਬਾਲ ਭਵਨ ਮਾਨਸਾ ਵਿਖੇ ਪੁਹੰਚਣ ਦੀ ਅਪੀਲ ਕੀਤੀ ਗਈ।ਆਗੂਆਂ ਨੇ ਮੰਗ ਕੀਤੀ ਕਿ ਸ਼ਹਿਰ ਅੰਦਰ ਡਾਕਟਰ ਅੰਬੇਦਕਰ ਭਵਨ ਵਿਖੇ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਲਾਇਬ੍ਰੇਰੀ ਪਹਿਲਾਂ ਵਾਂਗ ਹੀ ਚੱਲਦੀ ਰਹੇ ਅਤੇ ਇਸ ਲਾਇਬ੍ਰੇਰੀ ਨੂੰ ਰੈੱਡ ਕਰਾਸ ਨੂੰ ਦੇਣ ਦਾ ਫ਼ੈਸਲਾ ਵਾਪਸ ਲਿਆ ਜਾਵੇ,ਪਾਠਕਾਂ ਤੋਂ ਵੱਧ ਫੀਸ ਵਸੂਲ ਕਰਨ ਦੀ ਨੀਤੀ ਨੂੰ ਰੱਦ ਕਰਦਿਆਂ ਪਹਿਲਾਂ ਦੀ ਤਰ੍ਹਾਂ 100 ਰੁਪਏ ਫੀਸ ਵਸੂਲ ਕਰਨ ਦੀ ਨੀਤੀ ਨੂੰ ਲਾਗੂ ਕੀਤਾ ਜਾਵੇ,ਪਾਠਕਾਂ ਦੇ ਬੈਠਣ ਲਈ ਡਾਕਟਰ ਅੰਬੇਦਕਰ ਭਵਨ ਮਾਨਸਾ ਵਿਖੇ ਪਹਿਲਾਂ ਵਾਲੀ ਇਮਾਰਤ ਹੀ ਉਪਲੱਬਧ ਕਰਵਾਈ ਜਾਵੇ,ਲਾਇਬ੍ਰੇਰੀ ਅੰਦਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ ਅਤੇ ਲਾਇਬ੍ਰੇਰੀ ਖੁੱਲੀ ਰਹਿਣ ਦਾ ਸਮਾਂ ਵਧਾਉਂਦੇ ਹੋਏ ਲਾਇਬ੍ਰੇਰੀ ਨੂੰ ਦਿਨ ਰਾਤ ਖੋਲਣ ਦੀ ਵਿਵਸਥਾ ਕੀਤੀ ਜਾਵੇ।ਆਗੂਆਂ ਨੇ ਸ਼ਹਿਰ ਅੰਦਰ ਸੀਵਰੇਜ ਦੀ ਸਮੱਸਿਆ ਨੂੰ ਲੈਣ ਕੇ ਚੱਲ ਰਹੇ ਸੰਘਰਸ਼ ਨੂੰ ਸਮਰਥਨ ਕਰਨ ਦਾ ਐਲਾਨ ਵੀ ਕੀਤਾ।ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਵੱਲੋਂ ਸਹਾਇਕ ਖ਼ਜ਼ਾਨਚੀ ਅੰਕਿਤਾ,ਪ੍ਰੇਰਨਾ,ਰਮਨਦੀਪ ਕੌਰ,ਹਰਜੋਤ ਸਿੰਘ,ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ ਆਦਿ ਵਿਦਿਆਰਥੀ ਹਾਜ਼ਰ ਸਨ।