ਦਿੱਲੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਹੈਪੀਨੈਸ ਉੱਤਸਵ ਵਿੱਚ ਕਰਨਗੇ ਸ਼ਿਰਕਤ
ਗੁਰਦਾਸਪੁਰ, 29 ਜੁਲਾਈ (ਸਰਬਜੀਤ ਸਿੰਘ) ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕਰ ਰਹੀ ਹੈ ਅਤੇ ਇਨ੍ਹਾਂ ਯਤਨਾਂ ਦੀ ਲੜੀ ਤਹਿਤ ਸੂਬਾ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ 126 ਅਧਿਆਪਕਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਤਿੰਨ ਰੋਜ਼ਾ ਦੌਰਾ ਕਰਵਾਇਆ ਜਾ ਰਿਹਾ ਹੈ। ਇਨ੍ਹਾਂ 126 ਅਧਿਆਪਕਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵੀ 08 ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਅਧਿਆਪਕ ਆਪਣੇ ਦੌਰੇ ਦੌਰਾਨ ਜਿਥੇ ਦਿੱਲੀ ਦੇ ਸਕੂਲਾਂ ਦੀ ਵਿਜਟ ਕਰਨਗੇ , ਉਥੇ ਹੀ ਦਿੱਲੀ ਸਰਕਾਰ ਵੱਲੋਂ ਤਿਆਗਰਾਜ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਹੈਪੀਨੈਂਸ ਉੱਤਸਵ ਵਿੱਚ ਵੀ ਸ਼ਿਰਕਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਪਾਲ ਸਿੰਘ ਸੰਧਾਵਲੀਆ ਨੇ ਦਿੱਲੀ ਦੇ ਸਕੂਲਾਂ ਦੇ ਦੌਰੇ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਅਧਿਆਪਕਾਂ ਨੂੰ ਰਵਾਨਾ ਕਰਨ ਤੋਂ ਬਾਅਦ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਲੀ ਦੇ ਸਕੂਲਾਂ ਦੇ ਦੌਰੇ ਲਈ ਚੁਣੇ ਗਏ ਡੈਲੀਗੇਸ਼ਨ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ 08 ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਮੌਕਾ ਮਿਲਿਆ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਧਿਆਪਕ 27 ਜੁਲਾਈ ਨੂੰ ਲੁਧਿਆਣਾ ਤੋਂ ਦਿੱਲੀ ਲਈ ਰਵਾਨਾ ਹੋਣਗੇ ਅਤੇ 28 ਜੁਲਾਈ ਨੂੰ ਦਿੱਲੀ ਦੇ ਸਕੂਲਾਂ ਦੀ ਵਿਜਟ ਕਰਣਗੇ ਅਤੇ 29 ਜੁਲਾਈ ਨੂੰ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਹੈਪੀਨੈਸ ਉੱਤਸਵ ਵਿੱਚ ਭਾਗ ਲੈਣਗੇ।
ਇਸ ਮੌਕੇ ਤੇ ਦਿੱਲੀ ਦੇ ਸਕੂਲਾਂ ਦਾ ਦੌਰਾ ਕਰਨ ਲਈ ਜਾ ਰਹੇ ਡੀ.ਐਸ.ਐਮ. ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਇਸ ਲਈ ਇਸ ਦੌਰੇ ਨੂੰ ਲੈ ਕੇ ਉਨ੍ਹਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ। ਉਹ ਆਪਣੇ ਦੌਰੇ ਦੌਰਾਨ ਕੁੱਝ ਨਵਾਂ ਸਿੱਖਣਗੇ ਅਤੇ ਜੋ ਕੁੱਝ ਉਹ ਸਿੱਖਣਗੇ ਉਸਨੂੰ ਆਪਣੇ ਸਕੂਲਾਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਣਗੇ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਪਾਲ , ਹੈੱਡਮਾਸਟਰ ਸ਼ੁਭਾਸ਼ ਚੰਦਰ , ਜੇ.ਈ. ਪਰਮਿੰਦਰ ਸਿੰਘ , ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ , ਅਧਿਆਪਕਾ ਰਜਨੀ ਸੋਢੀ , ਪੂਨਮਜੋਤ ਕੌਰ ਵੀ ਹਾਜ਼ਰ ਸਨ।–