ਮੁੱਖ ਮੰਤਰੀ ਮਾਨ ਦਿੱਲੀ ਦਾ ਕੂੜਾ ਪੰਜਾਬ ਲਿਆਉਣ ‘ਤੇ ਕਿਉਂ ਤੁਲਿਆ ਹੋਇਆ ਹੈ। ਦੋਵਾਂ ਨੂੰ ਪਹਿਲਾਂ ਹੀ ਦਿੱਲੀ ਤੋਂ ਕੱਢ ਦਿੱਤਾ ਜਾ ਚੁੱਕਾ ਹੈ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ 28 ਫਰਵਰੀ (ਸਰਬਜੀਤ ਸਿੰਘ)–ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦਿੱਲੀ ਦੇ ਦੋ ਯੋਗਾ ਇੰਸਟ੍ਰਕਟਰਾਂ ਨੂੰ ਮੋਟੀਆਂ ਤਨਖ਼ਾਹਾਂ ‘ਤੇ ਭਰਤੀ ਕਰਨ ‘ਤੇ ਆਲੋਚਨਾ ਕਰਦਿਆਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਸਵਾਲ ਕੀਤਾ: ” ਕੀ ਉਹ (ਮੁੱਖ ਮੰਤਰੀ) ਪੰਜਾਬ ਦੇ ਕੁੱਝ ਯੋਗਾ ਇੰਸਟ੍ਰਕਟਰਾਂ ਨੂੰ ਨਹੀਂ ਲੱਭ ਸਕੇ?”
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਸਰਕਾਰੀ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਵਿੱਚ ਗੈਰ-ਪੰਜਾਬੀਆਂ ਨੂੰ ਨੌਕਰੀ ‘ਤੇ ਰੱਖਿਆ ਗਿਆ ਹੈ, ਜੋ ਕਿ ਪੰਜਾਬ ਵਿਰੋਧੀ ਹਰਕਤ ਹੈ।
ਬਾਜਵਾ ਨੇ ਪੰਜਾਬ ਦੇ ਰਾਜਪਾਲ, ਜੋ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਵੀ ਹਨ, ਨੂੰ ਵੀ ਇਸ ਗੱਲ ਦਾ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਦੇ ਝੰਡਾਬਰਦਾਰ ਵਜੋਂ ਪੇਸ਼ ਕਰ ਰਹੇ ਹਨ। ਇਸ ਦੌਰਾਨ, ਕੀ ਉਸ ਨੇ ਇਨ੍ਹਾਂ ਦੋਵਾਂ ਇੰਸਟ੍ਰਕਟਰਾਂ ਨੂੰ ਨੌਕਰੀ ‘ਤੇ ਰੱਖਣ ਤੋਂ ਪਹਿਲਾਂ ਉਨ੍ਹਾਂ ਦੀਆਂ ਯੋਗਤਾਵਾਂ ਦੀ ਜਾਂਚ ਕੀਤੀ? ਕੀ ਉਨ੍ਹਾਂ ਨੇ ਪੰਜਾਬ ਵਿੱਚ ਨੌਕਰੀ ਲੈਣ ਤੋਂ ਪਹਿਲਾਂ 10ਵੀਂ ਜਮਾਤ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ? ਇਸ ਬਾਰੇ ਮੁੱਖ ਮੰਤਰੀ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
ਇੱਕ ਬਿਆਨ ਵਿੱਚ, ਬਾਜਵਾ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ ਸਾਲ ਦਿੱਲੀ ਸਥਿਤ ਯੋਗਾ ਇੰਸਟ੍ਰਕਟਰਾਂ ਅਮਰੇਸ਼ ਕੁਮਾਰ ਝਾਅ ਅਤੇ ਕਮਲੇਸ਼ ਕੁਮਾਰ ਮਿਸ਼ਰਾ ਨੇ ਨਵੰਬਰ ਵਿੱਚ ਯੂਨੀਵਰਸਿਟੀ ਦੇ ਗਵਰਨਰ ਬੋਰਡ ਦੁਆਰਾ ਕਥਿਤ ਤੌਰ ‘ਤੇ ‘ਦਿੱਲੀ ਕੀ ਯੋਗਸ਼ਾਲਾ’ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਸਨ। “ਇਹ ਮੈਨੂੰ ਹੈਰਾਨ ਕਰਦਾ ਹੈ ਕਿ ਮੁੱਖ ਮੰਤਰੀ ਦਿੱਲੀ ਦਾ ਕੂੜਾ ਪੰਜਾਬ ਲਿਆਉਣ ‘ਤੇ ਕਿਉਂ ਤੁਲਿਆ ਹੋਇਆ ਹੈ,” ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਕਾਦੀਆਂ ਦੇ ਵਿਧਾਇਕ ਬਾਜਵਾ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ‘ਦਿੱਲੀ ਕੀ ਯੋਗਸ਼ਾਲਾ’ ਪ੍ਰੋਗਰਾਮ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ, ‘ਆਪ’ ਸਰਕਾਰ ਨੇ ਇਨ੍ਹਾਂ ਦੋ ਇੰਸਟ੍ਰਕਟਰਾਂ ਦੀ ਭਰਤੀ ਕਰਨ ਲਈ ਪੰਜਾਬ ਵਿੱਚ ਮੁੱਖ ਮੰਤਰੀ ਯੋਗਸ਼ਾਲਾ ਸ਼ੁਰੂ ਕੀਤੀ।
“ਬਿਨਾਂ ਸ਼ੱਕ, ਉਹ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਚਹੇਤਿਆਂ ਵਿੱਚੋਂ ਸਨ। ਇਹ ਬਹੁਤ ਹੀ ਬੇਈਮਾਨ ਵਾਲਾ ਵਰਤਾਰਾ ਹੈ, ਜਦੋਂ ਉਨ੍ਹਾਂ ਨੂੰ ਦਿੱਲੀ ਤੋਂ ਕੱਢ ਦਿੱਤਾ ਗਿਆ ਸੀ, ਤਾਂ ਦਿੱਲੀ ਵਿੱਚ ਬੈਠੇ ‘ਆਪ’ ਦੇ ਮੁਖੀਆਂ ਨੇ ‘ਆਪ’ ਪੰਜਾਬ ਨੂੰ ਉਨ੍ਹਾਂ ਨੂੰ ਨੌਕਰੀ ‘ਤੇ ਰੱਖਣ ਦਾ ਹੁਕਮ ਦੇ ਦਿੱਤਾ। ਤੇ ਹੁਣ ਆਪ ਪੰਜਾਬ ਆਪਣੇ ਮਾਲਕਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ”, ਬਾਜਵਾ ਨੇ ਕਿਹਾ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ‘ਆਪ’ ਦੀ ਪੰਜਾਬ ਸਰਕਾਰ ਨੇ ਅਜਿਹਾ ਅਨੈਤਿਕ ਕੰਮ ਕੀਤਾ ਹੈ। ਉਨ੍ਹਾਂ ਨੇ ਦਿੱਲੀ ਦੇ ਦੋ ਨੌਕਰਸ਼ਾਹਾਂ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ) ਵਿੱਚ ਨਿਯੁਕਤ ਕੀਤਾ, ਜੋ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਨ। ਬਿਨਾਂ ਕਿਸੇ ਅਧਿਕਾਰ ਦੇ ਅਰਵਿੰਦ ਕੇਜਰੀਵਾਲ ਦਾ ਬੰਦਾ ਨਵਲ ਅਗਰਵਾਲ ਪੰਜਾਬ ਦੇ ਨੌਕਰਸ਼ਾਹਾਂ ਦੀਆਂ ਮੀਟਿੰਗਾਂ ਲੈ ਰਿਹਾ ਹੈ। ਇਸੇ ਤਰਾਂ ਦਿੱਲੀ ਦੇ ਡਾ: ਸਤਬੀਰ ਬੇਦੀ, ਸੇਵਾਮੁਕਤ ਆਈਏਐਸ ਅਧਿਕਾਰੀ, ਨੂੰ ਪੀਐਸਈਬੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਟਵੀਟ
ਕੀ ਮੁੱਖ ਮੰਤਰੀ @BhagwantMann ਨੇ ਪੰਜਾਬ ਵਿੱਚ ਦੋ ਦਿੱਲੀ ਵਾਸੀਆਂ ਨੂੰ ਯੋਗਾ ਇੰਸਟ੍ਰਕਟਰਾਂ ਵਜੋਂ ਭਰਤੀ ਕਰਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੀਆਂ ਲਾਜ਼ਮੀ ਯੋਗਤਾਵਾਂ ਦੀ ਜਾਂਚ ਕੀਤੀ ਸੀ?
ਉਨ੍ਹਾਂ ਨੂੰ ਮੋਟੀ ਤਨਖ਼ਾਹ ‘ਤੇ ਰੱਖਿਆ ਗਿਆ ਹੈ। @AAPPunjab ਸਰਕਾਰ ਪੰਜਾਬ-ਆਧਾਰਤ ਯੋਗਾ ਇੰਸਟ੍ਰਕਟਰਾਂ ਨੂੰ ਕਿਉਂ ਨਹੀਂ ਲੱਭ ਸਕੀ?
ਦੋਵੇਂ ਇੰਸਟ੍ਰਕਟਰਾਂ ਨੂੰ ਦਿੱਲੀ ਦੇ ਮੁੱਖ ਮੰਤਰੀ @ArvindKejriwal ਦੇ ਕਰੀਬੀ ਵਿਸ਼ਵਾਸਪਾਤਰ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸਪਸ਼ਟ ਹੈ ਕਿ @AAPPunjab ਆਪਣੇ ਮਾਲਕਾਂ ਦੇ ਹੁਕਮਾਂ ਦੀ ਪਾਲਨਾ ਕਰਨ ਲਈ ਪਾਬੰਦ ਹੈ।
ਗੈਰ-ਪੰਜਾਬੀ ਯੋਗਾ ਇੰਸਟ੍ਰਕਟਰਾਂ ਨੂੰ ਨਿਯੁਕਤ ਕਰਨਾ ਪੰਜਾਬ ਵਿਰੋਧੀ ਚਾਲ ਹੈ।