ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜੌੜਾ ਛੱਤਰਾਂ `ਚ ਵਿਸ਼ੇਸ਼ ਕੈਂਪ ਆਯੋਜਿਤ

ਗੁਰਦਾਸਪੁਰ


ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਦਾ ਅੱਗ ਲਗਾਏ ਬਗੈਰ ਨਿਪਟਾਰਾ ਕਰਨ ਸਬੰਧੀ ਦਿੱਤੀ ਸਿਖਲਾਈ

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਅਹਿਦ ਚੁਕਾਇਆ

ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ)–ਕਿਸਾਨਾਂ ਨੂੰ ਫਸਲਾਂ ਦੀ ਰਹਿੰਦ ਖੂੰਹਦ ਦਾ ਅੱਗ ਲਗਾਏ ਬਗੈਰ ਨਿਪਟਾਰਾ ਕਰਨ ਸਬੰਧੀ ਸਿਖਲਾਈ ਦੇਣ ਲਈ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਗੁਰਦਾਸਪੁਰ ਦੇ ਪਿੰਡ ਜੌੜਾ ਛੱਤਰਾਂ ਵਿਖੇ ਵਿਸ਼ੇਸ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਿਰਪਾਲ ਸਿੰਘ ਢਿਲੋਂ ਨੇ ਕੈੇਂਪ ਦੀ ਪ੍ਰਧਾਨਗੀ ਕੀਤੀ। ਖੇਤੀਬਾੜੀ ਅਧਿਕਾਰੀ ਡਾ. ਰਵਿੰਦਰ ਸਿੰਘ ਅਤੇ ਏਡੀਓ ਡਾ. ਮਨਜੀਤ ਸਿੰਘ ਦੇ ਪ੍ਰਬੰਧਾਂ ਹੇਠ ਲਗਾਏ ਗਏ ਇਸ ਕੈਂਪ ਵਿਚ ਕਿਸਾਨ ਸਮੂਹ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਅਤੇ ਨਾਲ ਹੀ ਨਵੇਂ ਖੇਤੀ ਸੰਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਕੈਂਪ ਦੌਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਕਿਸੇ ਵੀ ਸੂਰਤ ਵਿਚ ਫਸਲੀ ਰਹਿੰਦ-ਖੂੰਹਦ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਰਹਿੰਦ ਖੂੰਹਦ ਦਾ ਨਿਪਟਾਰਾ ਕਰਨ ਵਿਚ ਮੁਸ਼ਕਿਲ ਵਿਚ ਪੇਸ਼ ਆਉਂਦੀ ਹੈ ਤਾਂ ਖੇਤੀ ਮਾਹਿਰਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਜਿਸ ਦੇ ਬਾਅਦ ਖੇਤੀਬਾੜੀ ਵਿਭਾਗ ਖੁਦ ਉਸ ਕਿਸਾਨ ਦੀ ਸਮੱਸਿਆ ਦਾ ਹੱਲ ਕਰਵਾ ਕੇ ਦੇਵੇਗਾ। ਉਨਾਂ ਕਿਹਾ ਕਿ ਅੱਗ ਲਗਾਉਣ ਨਾਲ ਮਿੱਟੀ, ਹਵਾ, ਬਨਸਪਤੀ ਤੇ ਜੀਵ ਜੰਤੂਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਸ ਲਈ ਹਰੇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਅੱਗ ਲਗਾਉਣ ਤੋਂ ਗੁਰੇਜ਼ ਕਰੇ। ਇਸ ਮੌਕੇ ਉਨਾਂ ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ 1000 ਬੂਟੇ ਵੰਡੇ ਅਤੇ ਨਾਲ ਹੀ ਅਪੀਲ ਕੀਤੀ ਕਿ ਵਾਤਾਵਾਰਣ ਦੀ ਸ਼ੁੱਧਤਾ ਬਣਾਈ ਰੱਖਣ ਲਈ ਜਿਆਦਾ ਤੋਂ ਜਿਆਦਾ ਪੌਦੇ ਲਗਾਏ ਜਾਣ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਕਿਸਾਨਾਂ ਨੂੰ ਖੇਤਾਂ ਵਿਚ ਅੱਗ ਨਾ ਲਗਾਉਣ ਸਬੰਧੀ ਪ੍ਰਣ ਕਰਵਾਇਆ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ.  ਕ੍ਰਿਪਾਲ ਸਿੰਘ ਢਿਲੋਂ ਨੇ ਕਿਹਾ ਕਿ ਅੱਜ ਦੇ ਕੈਂਪ ਦਾ ਮੁੱਖ ਮਕਸਦ ਇਹੀ ਹੈ ਕਿ ਇਸ ਪਿੰਡ ਅਤੇ ਇਲਾਕੇ ਦੇ ਕਿਸਾਨਾਂ ਨੂੰ ਰਹਿੰਦ ਖੂੰਹਦ ਦਾ ਅੱਗ ਲਗਾਏ ਬਗੈਰ ਨਿਪਟਾਉਣ ਸਬੰਧੀ ਸਿਖਲਾਈ ਦਿੱਤੀ ਜਾ ਸਕੇ। ਇਹ ਕੈਂਪ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਕਿਸਾਨ ਖੇਤਾਂ ਵਿਚ ਅੱਗ ਨਾ ਲਗਾਉਣ ਦਾ ਮਨ ਬਣਾਉਣ।  

ਇਸ ਤੋਂ ਪਹਿਲਾਂ ਏਡੀਓ ਡਾ. ਮਨਜੀਤ ਸਿੰਘ ਨੇ ਸਟੇਜ ਸਕੱਤਰ ਦੇ ਫਰਜ ਨਿਭਾਉਂਦਿਆਂ ਕਿਸਾਨਾਂ ਖੇਤੀਬਾੜੀ ਵਿਭਾਗ ਦੀਆਂ ਯੋਜਨਾਵਾਂ ਤੇ ਹੋਰ ਅਹਿਮ ਨੁਕਤਿਆਂ ਤੋਂ ਜਾਣੂ ਕਰਵਾਇਆ। ਏਡੀਓ ਡਾ. ਮਨਪ੍ਰੀਤ ਸਿੰਘ ਨੇ ਪੌਦ ਸੁਰੱਖਿਆ, ਮਿੱਤਰਮਾਨ ਸਿੰਘ ਗੰਨੇ ਬਾਰੇ, ਡਾ. ਪ੍ਰਿਤਪਾਲ ਸਿੰਘ ਬਾਠ ਨੇ ਬਾਗਬਾਨੀ ਬਾਰੇ। ਡਾ. ਦਿਲਰਾਜ ਸਿੰਘ ਨੇ ਪੀਐਮ ਕਿਸਾਨ ਸਨਮਾਨ ਯੋਜਨਾ ਬਾਰੇ, ਡਾ. ਏਐਸ ਬੱਲ ਨੇ ਫਸਲਾਂ ਦੀ ਕਾਸ਼ਤ ਸਬੰਧੀ, ਪਿੰਦਰਪਾਲ ਸਿੰਘ ਆਦਿ ਨੇ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਹੈਪੀ ਪੱਡਾ ਨੇ ਕੈਂਪ ਦੇ ਪ੍ਰਬੰਧਾਂ ਵਿਚ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਦੌਰਾਨ ਹਨੀ ਬਹਿਲ, ਡਿਪਟੀ ਡਾਇਰੈਕਟਰ ਡਾ. ਤਜਿੰਦਰ ਸਿੰਘ, ਨਿਸ਼ਾਨ ਸਿੰਘ ਆਪ ਆਗੂ, ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਆਤਮਾ ਸਟਾਫ ਅਤੇ ਕਿਸਾਨ ਵੱਡੀ ਗਿਣਤੀ ਵਿਚ ਮੌਜੂਦ ਸਨ।      

Leave a Reply

Your email address will not be published. Required fields are marked *