ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)- “ਆਓ ਖੇਤੀ-ਖਰਚੇ ਘਟਾਈਏ, ਵਾਧੂ ਪਾਣੀ, ਖਾਦ ਨਾ ਪਾਈਏ” ਦੇ ਉਦੇਸ਼ ਨਾਲ ਖੇਤਰੀ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ, ਗੁਰਦਾਸਪੁਰ ਵਿਖੇ 10 ਮਾਰਚ, 2023 ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਪੰਜਾਬਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀਆਂ ਨਵੀਆਂ ਸਿਫਾਰਿਸ਼ਾਂ, ਤਕਨੀਕਾਂ ਅਤੇ ਨਵੀ ਖੇਤੀ ਮਸ਼ੀਨਰੀ ਦੀ ਜਾਣਕਾਰੀ ਦਿੱਤੀ ਜਾਵੇਗੀ। ਮੇਲੇ ਵਿਚ ਮਾਹਿਰਾਂ ਵੱਲੋਂ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਮੇਲੇ ਵਿਚ ਪੰਜਾਬਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜੀ ਦੀਆਂ ਫ਼ਸਲਾਂ ਦੀ ਸਿਫਾਰਿਸ਼ ਕੀਤੀਆਂ ਨਵੀਆਂ ਕਿਸਮਾਂ ਦੇ ਬੀਜ, ਤੇਲ ਬੀਜ ਫ਼ਸਲਾਂ ਦੇ ਬੀਜ, ਵੱਖ-ਵੱਖ ਸਬਜ਼ੀਆਂ ਦੇ ਬੀਜ ਅਤੇ ਫ਼ਲਦਾਰ ਬੂਟੇ ਮੁਹੱਇਆ ਕਰਵਾਏ ਜਾਣਗੇ। ਕਿਸਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਾਹਿਰਾਂ ਨਾਲ ਵਿਚਾਰ-ਵਿਟਾਂਦਰਾ ਕਰ ਸਕਣਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਕੇਂਦਰ ਦੇ ਨਿਰਦੇਸ਼ਕ ਡਾ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਰਮਨ ਬਹਿਲ, ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸਾਮਿਲ ਹੋਣਗੇ। ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਗਰੂਪ ਸਿੰਘ ਸੇਖਵਾਂ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਅਤੇ ਹਰਦਿਆਲ ਸਿੰਘ ਗਜਨੀਪੁਰ, ਬੋਰਡ ਮੈਂਬਰ ਪੀ.ਏ.ਯੂ. ਵਿਸ਼ੇਸ ਮਹਿਮਾਨ ਵਜੋਂ ਸਾਮਿਲ ਹੋਣਗੇ। ਮੇਲੇ ਦੀ ਪ੍ਰਧਾਨਗੀ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰਨਗੇ। ਡਾ. ਢਿਲੋਂ ਨੇ ਦੱਸਿਆ ਕਿ ਮੇਲੇ ਵਿਚ ਵੱਡੀ ਪੱਧਰ `ਤੇ ਸਵੈ-ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।