ਖੇਡਾਂ ਰਾਹੀਂ ਨਾਮ ਰੋਸ਼ਨ ਕਰਨ ਵਾਲੇ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਦੇ ਨਾਮ ਤੇ ਪਿੰਡਾਂ ਵਿੱਚ ਖੇਡ ਮੈਦਾਨਾਂ ਦੇ ਨਾਮ ਰੱਖੇ

ਗੁਰਦਾਸਪੁਰ

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਵੇਕਲੀ ਸ਼ੁਰੂਆਤ

ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਬਦਲੇ ਮਾਣ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਵਿੱਚ ਖੇਡ ਮੈਦਾਨਾਂ ਨੂੰ ਵਿਕਸਤ ਕਰਕੇ ਉਨ੍ਹਾਂ ਦਾ ਨਾਮ ਉਲੰਪੀਅਨ ਖਿਡਾਰੀਆਂ ਦੇ ਨਾਮ ਉੱਪਰ ਰੱਖਿਆ ਗਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਬੀਤੇ ਦਿਨੀ ਕੌਮੀ ਖੇਡ ਦਿਵਸ ਮੌਕੇ ਜ਼ਿਲ੍ਹੇ ਦੇ ਤਿੰਨ ਪਿੰਡਾਂ ਮਸਾਣੀਆਂ, ਚਾਹਲ ਕਲਾਂ ਅਤੇ ਕੰਡੀਲਾ ਦੇ ਖੇਡ ਮੈਦਾਨਾਂ ਨੂੰ ਵਿਕਸਤ ਕਰਕੇ ਉਨ੍ਹਾਂ ਦੇ ਨਾਮ ੳਲੰਪੀਅਨ ਦੇ ਨਾਮ ਰੱਖਣ ਤੋਂ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਉਲੰਪੀਅਨ ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ ਜਿਸ ਤਹਿਤ ਜ਼ਿਲ੍ਹੇ ਦੇ 13 ਉਲੰਪੀਅਨ ਖਿਡਾਰੀਆਂ ਦੇ ਨਾਮ ਸਾਹਮਣੇ ਆਏ ਸਨ। ਇਸਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਵਿੱਚ ਖੇਡ ਮੈਦਾਨਾਂ ਅਤੇ ਖੇਡ ਸਟੇਡੀਅਮ ਨੂੰ ਵਿਕਸਤ ਕਰਨ ਅਤੇ ਉਨ੍ਹਾਂ ਦੇ ਨਾਮ ਉਲੰਪੀਅਨ ਖਿਡਾਰੀਆਂ ਦੇ ਨਾਮ ਉੱਪਰ ਰੱਖਣ ਦਾ ਫੈਸਲਾ ਲਿਆ ਗਿਆ ਸੀ।

ਪਹਿਲੇ ਪੜ੍ਹਾਅ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਖੇਡ ਮੈਦਾਨਾਂ ਜਿਨ੍ਹਾਂ ਵਿੱਚ ਹਾਕੀ ਖਿਡਾਰੀ ਉਲੰਪੀਅਨ ਪ੍ਰਭਜੋਤ ਸਿੰਘ ਦੇ ਪਿੰਡ ਮਸਾਣੀਆਂ, ਹਾਕੀ ਖਿਡਾਰੀ ਉਲੰਪੀਅਨ ਸਿਮਰਨਜੀਤ ਸਿੰਘ ਦੇ ਪਿੰਡ ਚਾਹਲ ਕਲਾਂ ਅਤੇ ਅਥੈਲਿਟਕਸ ਦੇ ਉਲੰਪੀਅਨ ਖਿਡਾਰੀ ਰਹੇ ਅਜੀਤ ਸਿੰਘ ਭੁੱਲਰ ਦੇ ਪਿੰਡ ਕੰਡੀਲਾ ਵਿਖੇ ਖੇਡ ਮੈਦਾਨਾਂ ਨੂੰ ਤਿਆਰ ਕਰਕੇ ਇਨ੍ਹਾਂ ਤਿੰਨਾਂ ਖੇਡ ਮੈਦਾਨਾਂ ਦੇ ਨਾਮ ਇਨ੍ਹਾਂ ਉਲੰਪੀਅਨ ਖਿਡਾਰੀਆਂ ਦੇ ਨਾਮ ਉੱਪਰ ਰੱਖੇ ਗਏ ਹਨ।

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਇਸ ਪਹਿਲਕਦਮੀ ਦਾ ੳਲੰਪੀਅਨ ਸਿਮਰਨਜੀਤ ਸਿੰਘ ਅਤੇ ਉਲੰਪੀਅਨ ਪ੍ਰਭਜੋਤ ਸਿੰਘ ਨੇ ਭਰਵਾਂ ਸਵਾਗਤ ਕੀਤਾ ਹੈ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਗੱਲੋਂ ਧੰਨਵਾਦੀ ਹਨ ਕਿ ਉਨ੍ਹਾਂ ਦੇ ਪਿੰਡਾਂ ਦੇ ਖੇਡ ਮੈਦਾਨਾਂ ਦੇ ਨਾਮ ਉਨ੍ਹਾਂ ਦੇ ਨਾਮ ਉੱਪਰ ਰੱਖ ਕੇ ਇਨ੍ਹਾਂ ਖੇਡ ਮੈਦਾਨਾਂ ਨੂੰ ਵਿਕਸਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਦੀ ਬਦੌਲਤ ਹੋਰ ਖਿਡਾਰੀ ਵੀ ਪੈਦਾ ਹੋਣਗੇ ਜੋ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੇ ਪੜਾਅ ਤਹਿਤ ਤਿੰਨ ਉਲੰਪੀਅਨ ਦੇ ਪਿੰਡਾਂ ਦੇ ਖੇਡ ਮੈਦਾਨਾਂ ਨੂੰ ਵਿਕਸਤ ਕਰਕੇ ਖਿਡਾਰੀਆਂ ਦੇ ਅਰਪਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਬਾਕੀ ਉਲੰਪੀਅਨ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਅਤੇ ਸਟੇਡੀਅਮ ਨੂੰ ਵੀ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ੳਲੰਪੀਅਨ ਦੇ ਪਿੰਡ/ਸ਼ਹਿਰ ਵਿੱਚ ਖੇਡ ਮੈਦਾਨ ਲਈ ਥਾਂ ਨਹੀਂ ਹੈ ਸੋ ਓਥੇ ਉਨ੍ਹਾਂ ਉਲੰਪੀਅਨ ਦੇ ਨਾਮ ਉੱਪਰ ਖੇਡ ਟੂਰਨਾਮੈਂਟ ਕਰਵਾਉਣ ਦੇ ਨਾਲ ਸਕਾਰਸ਼ਿਪ ਸ਼ੁਰੂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਹੱਸਦਾ, ਖੇਡਦਾ, ਰੰਗਲਾ ਪੰਜਾਬ ਬਣਾਉਣ ਵਿੱਚ ਜ਼ਿਲ੍ਹਾ ਗੁਰਦਾਸਪੁਰ ਆਪਣਾ ਮੋਹਰੀ ਰੋਲ ਅਦਾ ਕਰੇਗਾ।    

Leave a Reply

Your email address will not be published. Required fields are marked *