ਆਗੂਆਂ ਵੱਲੋਂ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਗੁਰਦਾਸਪੁਰ 6 ਜੂਨ (ਸਰਬਜੀਤ ਸਿੰਘ)— ਐਸਕੇਐਮ ਗੈਰ ਰਾਜਨੀਤਿਕ ਅਤੇ ਕੇਐਮਐਮ ਦੀ ਅਗਵਾਈ ਹੇਠ ਸ਼ੰਭੂ, ਢਾਬੀ ਗੁਜਰਾਂ ਖਨੌਰੀ, ਰਤਨਪੁਰਾ ਅਤੇ ਡੱਬਵਾਲੀ ਦੇ ਬਾਡਰਾਂ ਤੇ ਪਿਛਲੇ ਚਾਰ ਮਹੀਨਿਆਂ ਤੋਂ ਪੱਕੇ ਮੋਰਚੇ ਲਾ ਕੇ ਬੈਠੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਨਾਂ ਲੋਕ ਸਭਾ ਚੋਣਾਂ ਦੌਰਾਨ ਕਿਸਾਨ ਸੰਘਰਸ਼ ਹੀ ਭਾਜਪਾ ਦੀਆਂ ਜੜਾਂ ਵਿੱਚ ਬੈਠਿਆ ਹੈ। ਇਹਨਾਂ ਮੋਰਚਿਆਂ ਵਿੱਚ ਸ਼ਾਮਿਲ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਗੁਰਿੰਦਰ ਸਿੰਘ ਭੰਗੂ, ਸਤਿਨਾਮ ਸਿੰਘ ਬਾਗੜੀਆਂ, ਅਮਰਜੀਤ ਸਿੰਘ ਰੜਾ, ਹਰਸੁਰਿੰਦਰ ਸਿੰਘ ਢਿੱਲੋਂ, ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕਿਸਾਨ ਅੰਦੋਲਨ ਦੌਰਾਨ ਮੰਗਾਂ ਮੰਨ ਕੇ ਵੀ ਲਾਗੂ ਨਾ ਕਰਕੇ ਮੋਦੀ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਸੀ। ਇਨਾ ਹੀ ਮੰਗਾਂ ਦੀ ਪੂਰਤੀ ਲਈ 13 ਫਰਵਰੀ ਨੂੰ ਹਜ਼ਾਰਾਂ ਕਿਸਾਨ ਦਿੱਲੀ ਜਾ ਰਹੇ ਸਨ ਤਾਂ ਹਕੂਮਤ ਨੇ ਹਰਿਆਣਾ ਦੇ ਬਾਰਡਰਾਂ ਤੇ ਕੰਧਾਂ ਕੱਢਣ ਸਣੇ ਸੜਕਾਂ ਤੇ ਕਿੱਲਾਂ ਆਦਿ ਵਿਛਾ ਕੇ ਬਾਰਡਰ ਹੀ ਸੀਲ ਕਰ ਦਿੱਤੇ, ਇਸ ਮਗਰੋਂ ਹਰਿਆਣਾ ਪੁਲਿਸ ਨੇ ਗੋਲੀ ਮਾਰ ਕੇ ਕਿਸਾਨ ਸ਼ੁਭ ਕਰਨ ਸਿੰਘ ਬੱਲੋ ਨੂੰ ਸ਼ਹੀਦ ਕਰ ਦਿੱਤਾ, ਜਦਕਿ ਡਰੋਨਾਂ ਰਾਹੀਂ ਅਥਰੂ ਗੈਸ ਦੇ ਗੋਲੇ ਦਾਗ ਕੇ 400 ਤੋਂ ਵਧੇਰੇ ਕਿਸਾਨਾਂ ਨੂੰ ਜਖਮੀ ਕੀਤਾ। ਹਰਿਆਣਾ ਪੁਲਸ ਨੇ ਕਿਸਾਨਾਂ ਦੇ ਟਰੈਕਟਰ ਅਤੇ ਕਾਰਾਂ ਦੀ ਭੰਨ ਤੋੜ ਕੀਤੀ ਅਤੇ ਕਈ ਕਿਸਾਨਾਂ ਦੀ ਕੁੱਟਮਾਰ ਕੀਤੀ ਪੰਜ ਕਿਸਾਨਾਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ।ਇਸ ਮਗਰੋਂ ਦੋਹਾਂ ਫੋਰਮਾਂ ਨੇ ਬਾਰਡਰਾਂ ਤੇ ਬਹਿ ਕੇ ਹੀ ਕੇਂਦਰ ਸਰਕਾਰ ਨਾਲ ਲੜਾਈ ਲੜਨ ਦਾ ਫੈਸਲਾ ਲਿਆ। ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਦੇ ਘਿਰਾਓ ਕਰਦਿਆਂ ਸਵਾਲ ਵੀ ਪੁੱਛੇ ਅਤੇ ਲੋਕਾਂ ਨੂੰ ਭਾਜਪਾ ਖਿਲਾਫ ਲਾਮਬੰਦ ਕੀਤਾ।ਕਿਸਾਨਾਂ ਦੇ ਰੋਹ ਦੇ ਚੱਲਦੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਡੇਰਾ ਬਾਬਾ ਨਾਨਕ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਦਾ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਭਾਜਪਾ ਵਿਰੋਧੀ ਪ੍ਰੋਗਰਾਮਾਂ ਕਾਰਨ ਹੀ ਭਾਜਪਾ ਤੇ ਹਮਾਇਤੀ ਧਿਰਾਂ 300 ਤੋਂ ਵੀ ਘੱਟ ਸੀਟਾਂ ਲੈ ਸਕੀਆਂ ਅਤੇ ਸਿਰਫ ਭਾਜਪਾ ਜਿਸ ਦੀਆਂ ਪਿਛਲੀ ਵਾਰ 303 ਸੀਟਾਂ ਸਨ ਐਤਕੀ ਘਟ ਕੇ 240 ਹੀ ਰਹਿ ਗਈਆਂ,ਜਦ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 400 ਤੋਂ ਪਾਰ ਦਾ ਹੋਕਾ ਦਿੱਤਾ ਗਿਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਉਹਨਾਂ ਦਾ ਸੰਘਰਸ਼ ਚਲਦਾ ਰਹੇਗਾ