ਪਟਿਆਲਾ, ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)– ਸੰਨ 1848 ਪੱਛਮੀ ਯੂਰਪ ਦੇ ਬੁਰਜੂਆ ਮੱਧ ਵਰਗ ਨੇ ਕਿਰਤੀਆਂ ਕਿਸਾਨਾਂ ਦੇ ਸਹਿਯੋਗ ਨਾਲ ਰਜਵਾੜਾਸ਼ਾਹੀ ਖ਼ਿਲਾਫ਼ ਵਿਦਰੋਹ ਵਿੱਢ ਦਿੱਤੇ। ਪੁਰਾਣੇ ਢਾਂਚੇ ਦੀਆਂ ਨੀਹਾਂ ਹਿੱਲ ਗਈਆਂ ਤਾਂ ਬੁਰਜੂਆ ਜਮਾਤ ਨੇ ਕਿਰਤੀਆਂ ਨੂੰ ਬੇਦਾਵਾ ਦੇ ਕੇ ਰਜਵਾੜੇ ਰਾਠਾਂ ਨਾਲ ਯਾਰੀ ਗੰਢ ਲਈ। ਇਸ ਰਾਜਸੀ-ਵਿਚਾਰਧਾਰਕ ਧ੍ਰੋਹ ਦੀ ਪਿੱਠ ਭੂਮੀ ਕਿਰਤੀਆਂ ਦੇ ਨਜ਼ਰੀਏ ਤੋਂ ਖ਼ੁਦਮੁਖ਼ਤਾਰ ਰਾਜਨੀਤਕ ਰਣਨੀਤੀ ਘੜ੍ਹਣ ਹਿਤ ਕਾਰਲ ਮਾਰਕਸ ਅਤੇ ਫ਼੍ਰੈਡਰਿਖ ਐਂਗਲਜ਼ ਨੇ ਬੇਜੋੜ ਦਸਤਾਵੇਜ਼ ‘ਕਮਿਊਨਿਸਟ ਮੈਨੀਫੈਸਟੋ’ ਲਿਖਿਆ।
ਕੁੱਲ ਜਗਤ ਨੂੰ ਅਸਰ ਅੰਦਾਜ਼ ਕਰਨ ਵਾਲੀ ਇਸ ਛੋਟੀ ਕਿਤਾਬੜੀ ਨੇ ਪੰਜਾਬ ਵਿਚ ਆਪਣਾ ਭਰਪੂਰ ਦਖਲ ਬਣਾ ਕੇ ਰੱਖਿਆ ਹੈ। ਜਸਵੰਤ ਸਿੰਘ ਕੰਵਲ ਦੀ ਸਮੁੱਚੀ ਰਚਨਾਕਾਰੀ ਨੂੰ ਇਸ ਮੈਨੀਫੈਸਟੋ ਦੀ ਪੰਜਾਬੀ ਪੜ੍ਹਤ ਵਜੋਂ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਪੰਜਾਬੀ ਜੁਝਾਰੂ ਪਰੰਪਰਾ ਆਪਣੇ ਜੁੱਸੇ ਵਿਚ ਮਾਰਕਸਵਾਦ ਨੂੰ ਜਜ਼ਬ ਕਰਦਿਆਂ ਅਗਾਂਹ ਤੁਰਦੀ ਹੈ।
ਸੰਨ 2023
ਗ਼ਦਰੀਆਂ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ ਪੰਜਾਬ ਦੀ ਖੱਬੀ ਲਹਿਰ, ਜਥੇਬੰਦੀਆਂ ਅਤੇ ਰਣਨੀਤੀ ਦੀ ਸਿਧਾਂਤਕਾਰੀ; ਉਤਰਾਅ-ਚੜ੍ਹਾਅ; ਭਵਿੱਖ ਦੀ ਨੁਹਾਰ ਘੜ੍ਹਣ ਦੇ ਹਵਾਲੇ ਨਾਲ ਅਸੀਂ ਕਮਿਊਨਿਸਟ ਮੈਨੀਫੈਸਟੋ ਦੀ ਸਾਰਥਕਤਾ, ਬਣਤਰ ਅਤੇ ਵਿਚਾਰਕ ਇਤਿਹਾਸ ਦੀ ਸੰਜੀਦਾ ਪੜ੍ਹਤ ਕਰ ਸਕਦੇ ਹਾਂ।
ਸ਼ਨੀਵਾਰ 18 ਨਵੰਬਰ 2023 ਨੂੰ ਤਿੰਨ ਬੈਠਕਾਂ ਵਿੱਚ ਪੰਜਾਬੀ ਜੁਝਾਰੂ ਪਰੰਪਰਾ ਅਤੇ ਕਮਿਊਨਿਸਟ ਮੈਨੀਫੈਸਟੋ ਦੇ ਆਪਸੀ ਰਿਸ਼ਤੇ ਬਾਰੇ ਭਰਪੂਰ ਚਰਚਾ ਹੋਵੇਗੀ।
ਸਵੇਰੇ 11:00 ਵਜੇ ਵਾਰਵਿਕ ਯੂਨੀਵਰਸਿਟੀ ਇੰਗਲੈਂਡ ਦੇ ਸੋਸ਼ਇਆਲੋਜੀ ਵਿਭਾਗ ਦੇ ਪ੍ਰੋ. ਵਰਿੰਦਰ ਸਿੰਘ ਕਮਿਊਨਿਸਟ ਮੈਨੀਫੈਸਟੋ ਦੀ ਵਿਚਾਰਕ ਬਣਤਰ ਦੀਆਂ ਤੈਹਾਂ-ਪਰਤਾਂ ਦੀ ਸਮੀਖਿਆ ਕਰਨਗੇ।
ਦੁਪਹਿਰ 12:30 ਵਜੇ ਕਾ. ਸੁਖਦਰਸ਼ਨ ਨੱਤ ਅਤੇ ਚਰਨ ਗਿੱਲ ਪੰਜਾਬ ਦੇ ਸਦੀ ਪੁਰਾਣੇ ਖੱਬੇ-ਪੱਖੀ ਅੰਦੋਲਨ ਦੀ ਸਿਧਾਂਤਕਾਰੀ ਬਾਰੇ ਤਜ਼ਕਰਾ ਕਰਨਗੇ। ਨੌਜਵਾਨ ਅਰਥ ਸ਼ਾਸਤਰੀ ਬਲਦੇਵ ਸਿੰਘ ਸ਼ੇਰਗਿੱਲ ਇਸ ਬੈਠਕ ਦੇ ਸੂਤਰਧਾਰ ਹੋਣਗੇ।
ਦੁਪਿਹਰ 3:00 ਵਜੇ ਡਾ. ਜਗਜੀਤ ਚੀਮਾ ਅਤੇ ਇਤਿਹਾਸਕਾਰ ਪ੍ਰੋ. ਸੁਖਦੇਵ ਸਿੰਘ ਸੋਹਲ ਪੰਜਾਬ ਦੇ ਖੱਬੇ-ਪੱਖੀ ਅੰਦੋਲਨ ਦੇ ਇਤਿਹਾਸਕ ਸਫਰ ਦੇ ਸੰਕਲਪੀ ਚੌਖਟੇ ਬਾਰੇ ਵਾਰਤਾ ਕਰਨਗੇ। ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਇਸ ਬੈਠਕ ਦੇ ਸੂਤਰਧਾਰ ਹੋਣਗੇ।
ਪੰਜਾਬੀ ਖੱਬੇ-ਪੱਖ ਦੀ ਉਸਾਰੀ ਦਾ ਸਵਾਲ
ਕਮਿਊਨਿਸਟ ਮੈਨੀਫੈਸਟੋ ਦੇ 175 ਸਾਲਾਂ ਦੇ ਸਫਰ ਨੂੰ ਸਮਰਪਿਤ
ਪੰਜਾਬੀ ਹੁਸਨ-ਇਖ਼ਲਾਕ ਦਾ ਸਿਰਨਾਵਾਂ
ਪੰਜਵਾਂ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਢੁੱਡੀਕੇ