ਕਨੈਡਾ ਤੋਂ ਸੁਖਵਿੰਦਰ ਸਿੰਘ ਕਾਹਲੋਂ ਐਡਵੋਕੇਟ ਕਹਿਣਾ ਹੈ

ਕੈਨੇਡਾ

ਆਪਣੀ ਮਾਂ-ਬੋਲੀ ਪੰਜਾਬੀ ਨੂੰ ਨਾ ਭੁੱਲਿਓ, ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲ਼ ਕੇ ਰੱਖਿਓ !


ਗੁਰਦਾਸਪੁਰ 12 ਜੁਲਾਈ (ਸਰਬਜੀਤ ਸਿੰਘ)–ਮਾਂ-ਬੋਲੀ ਉਹ ਬੋਲੀ ਹੈ , ਜੋ ਬੱਚਾ ਆਪਣੀ ਮਾਂ ਦੇ ਗਰਭ ਅਤੇ ਗੋਦੀ ਵਿੱਚੋਂ ਅਤੇ ਫਿਰ ਦਾਦੀ -ਦਾਦੇ ਦੀ ਬੁੱਕਲ਼ ਵਿੱਚ ਨਿੱਘ ਮਾਣਦਿਆਂ ,ਸਹਿਜ ਸੁਭਾਅ ਸਿੱਖ ਜਾਂਦਾ ਹੈ। ਡਾਕਟਰੀ ਖੋਜਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਾਂ-ਬੋਲੀ ਦੀਆਂ ਭਿਣਕਾਂ ਬੱਚੇ ਨੂੰ ਮਾਂ ਦੇ ਗਰਭ ਵਿੱਚ ਹੀ ਸੁਣਾਈ ਦੇਣ ਲੱਗ ਪੈਂਦੀਆਂ ਹਨ। ਜਿਸ ਬੋਲੀ ਵਿੱਚ ਮਾਂ ਲੋਰੀਆਂ ਦੇਂਦੀ ਅਤੇ ਲਾਡ ਲਡਾਉਂਦੀ ਹੈ, ਬੱਸ ਉਹੀ ਮਾਂ-ਬੋਲੀ ਹੈ। ਆਪਣੀ ਮਾਂ-ਬੋਲੀ ਸਿੱਖਣ ਲਈ ਕਿਸੇ ਸਕੂਲ ਵਿੱਚ ਨਹੀਂ ਜਾਣਾਂ ਪੈਂਦਾ,ਬੱਸ ਇਸ ਦੀ ਸਿੱਖਿਆ ਘਰ ਅਤੇ ਆਲੇ ਦੁਆਲੇ ਦੇ ਵਾਤਾਵਰਣ ਵਿੱਚੋਂ ਆਪਣੇ ਆਪ ਹੀ ਮਿਲ ਜਾਂਦੀ ਹੈ। ਪੰਜਾਬ ਜਾਂ ਕਿਸੇ ਹੋਰ ਪ੍ਰਾਂਤ ਜਾਂ ਦੇਸ਼ ਦੇ ਉਹਨਾਂ ਕਰੋੜਾਂ ਅਨਪੜ੍ਹ ਲੋਕਾਂ ਵੱਲ ਵੇਖੋ ਉਹ ਆਪਣੀ ੨ ਮਾਂ-ਬੋਲੀ ਵਿੱਚ ਪੂਰੇ ਮਾਹਿਰ ਹੁੰਦੇ ਹਨ।
ਗਰਭ ਅੰਦਰ ਪਲ ਰਹੇ ਬੱਚੇ ਵੱਲੋਂ ਬਾਹਰੀ ਆਵਾਜ਼ਾਂ ਨੂੰ ਸੁਣਨ ਵਾਲਾ ਤਜਰਬਾ ਮੈਨੂੰ ਆਪ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੇਰੀ ਛੋਟੀ ਬੇਟੀ ਅਨਮੋਲ ਦੇ ਘਰ ਉਸ ਦੀ ਬੇਟੀ ਭਾਵ ਮੇਰੀ ਦੋਹਤਰੀ ਰੁਹੀਨ ਦੇ ਜਨਮ ਤੋਂ ਬਾਅਦ ਉਸ ਨੇ ਜਦ ਵੀ ਰੋਂਦੀ ਹੋਣਾ ਤਾਂ ਮੇਰੀ ਬੇਟੀ ਨੇ ਅੰਗਰੇਜ਼ੀ ਦੀ ਕਵਿਤਾ ਦੀਆਂ ਸਤਰਾਂ,Twinkle Twnkle little star, How I wonder, what you are? ਬੋਲਣੀਆਂ ਸ਼ੁਰੂ ਕਰ ਦੇਣੀਆਂ ਜਾਂ ਭਾਈ ਸੁਖਵਿੰਦਰ ਸਿੰਘ ਵੱਲੋਂ ਉਚਾਰਿਆ ਗੁਰਬਾਣੀ ਦਾ ਸ਼ਬਦ,” ਤੂੰ ਪ੍ਰਭ ਦਾਤਾ ਦਾਨ ਮੱਤ ਪੂਰਾ……….. “ ਯੂ- ਟਿਊਬ ਤੇ ਲੱਗਾ ਦੇਣਾ ,ਤਾਂ ਬੱਚੀ ਨੇ ਇੱਕ ਦਮ ਚੁੱਪ ਕਰ ਜਾਣਾ। ਕਾਰਨ ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਦੇ ਜਨਮ ਤੋਂ ਤਕਰੀਬਨ ਤਿੰਨ-ਚਾਰ ਮਹੀਨੇ ਪਹਿਲਾਂ ਤੋਂ ਹੀ ਉਹ ਇਸ ਕਵਿਤਾ ਦੀਆਂ ਸਤਰਾਂ ਅਤੇ ਸ਼ਬਦ ਹਰ ਰੋਜ਼ ਦਿਨ ਵਿੱਚ ਕਈ ਵਾਰ ਆਮ ਤੌਰ ਤੇ ਹੀ ਆਪ ਬੋਲਦੀ ਰਹਿੰਦੀ ਸੀ। ਡਾਕਟਰ ਦੱਸਦੇ ਹਨ ਕਿ ਬੱਚਾ ਗਰਭ ਦੇ ਦੌਰਾਨ ਹੀ ਅਵਾਜਾਂ ਸੁਣਨ ਲੱਗ ਪੈਂਦਾ ਹੈ। ਜੋ ਸੱਚ ਹੋ ਨਿੱਬੜਿਆ।
ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਹੈ। ਇਸ ਦੀ ਲਿਪੀ ਨੂੰ ਗੁਰਮੁਖੀ ਕਿਹਾ ਜਾਂਦਾ ਹੈ, ਕਿਉਂਕਿ ਇਹ ਦੱਸ ਗੁਰੂਆਂ ਦੇ ਮੁੱਖ ਤੋਂ ਉਚਾਰੀ ਜਾਂਦੀ ਰਹੀ ਹੈ। ਪੰਜਾਬੀ ਵਰਣ-ਮਾਲਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਸ ਨੂੰ ਲਿਖਣ ਲਈ “ਲੰਡਾ ਸਕਰਿਪਟ” ਦੀ ਵਰਤੋਂ ਕੀਤੀ ਜਾਂਦੀ ਸੀ ।ਗੁਰਮੁਖੀ ਹੁਣ ਸਰਕਾਰੀ ਸਕਰਿਪਟ ਹੈ। ਸਿੱਖਾਂ ਦੇ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਨੇ , ਜਿੰਨ੍ਹਾਂ ਦਾ ਆਗਮਨ ਸੰਨ 1504 ਵਿੱਚ ਹੋਇਆ, ਖਡੂਰ ਸਾਹਿਬ ( ਹੁਣ ਜ਼ਿਲ੍ਹਾ ਤਰਨ ਤਾਰਨ) ਵਿਖੇ ਇਸ ਵਿੱਚ ਸੁਧਾਰ ਕਰਦੇ ਹੋਏ ਪਵਿੱਤਰ ਇਤਿਹਾਸ ਦੀ ਠੀਕ ਸੰਭਾਲ਼ ਲਈ ਪੈਂਤੀ ਅੱਖਰੀ ਵਰਣ-ਮਾਲਾ ਦਾ ਮੁੱਢ ਬੰਨ੍ਹਿਆ ।ਇਸ ਤਰਾਂ ਉਹਨਾਂ ਗੁਰਮੁਖੀ ਨੂੰ ਹਰਮਨ ਪਿਆਰਾ ਬਨਾਉਣ ਦਾ ਮਹਾਨ ਕਾਰਜ ਸੰਪੂਰਨ ਕੀਤਾ।
ਪੰਜਾਬੀ ਅਣਵੰਡੇ ਪੰਜਾਬ ਦੀ ਬੋਲੀ ਹੈ। ਇਹ ਪੰਜਾਬ ਵਿੱਚ ਵੱਸਣ ਵਾਲੇ ਸਾਰੇ ਸਿੱਖਾਂ, ਹਿੰਦੂਆਂ,ਮੁਸਲਮਾਨਾਂ ਅਤੇ ਇਸਾਈਆਂ ਦੀ ਸਾਂਝੀ ਬੋਲੀ ਰਹੀ ਹੈ ਅਤੇ ਹੁਣ ਵੀ ਹੈ। 1947 ਦੀ ਮੰਦਭਾਗੀ ਅਤੇ ਦਰਦਨਾਕ ਦੇਸ਼-ਵੰਡ ਸਮੇਂ ਪੰਜਾਬ ਦਾ ਵੱਡਾ ਹਿੱਸਾ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ , ਜਿਸ ਨੂੰ ਹੁਣ ਲਹਿੰਦਾ ਪੰਜਾਬ ਕਿਹਾ ਜਾਂਦਾ ਹੈ। 2022 ਦੇ World Fact book ਦੇ ਸਰਵੇ ਅਨੁਸਾਰ ਪਾਕਿਸਤਾਨ ਦੀ ਕੁੱਲ ਆਬਾਦੀ 242,923,845 ਹੈ, ਜਿਸ ਵਿੱਚੋਂ 108,586,959 ਲੋਕ ਪੰਜਾਬੀ ਬੋਲਦੇ ਹਨ।
ਪਾਕਿਸਤਾਨ ਦੀ ਕੁੱਲ ਆਬਾਦੀ ਵਿੱਚੋਂ 44.7% ਲੋਕਾਂ ਦੀ ਬੋਲੀ ਪੰਜਾਬੀ ਹੈ।

ਲਾਹੌਰ,ਫੈਸਲਾਬਾਦ, ਗੁੱਜਰਾਂਵਾਲ਼ਾ ਸ਼ੇਖ਼ੂਪੁਰ, ਕਸੂਰ, ਸਿਆਲਕੋਟ ਨਾਰੋਵਾਲ ,ਗੁਜਰਾਤ, ਓਕਾੜਾ, ਪਾਕਪਟਨ,ਸਾਹੀਵਾਲ ,ਹਾਫਿਜ਼ਾਬਾਦ,ਨਨਕਾਣਾ ਸਾਹਿਬ ਅਤੇ ਮੰਡੀ ਬਹਾਉਦ-ਦੀਨ ਜ਼ਿਲ੍ਹਿਆਂ ਦੀ ਬੋਲੀ

ਪੰਜਾਬੀ ਹੈ। ਏਸੇ ਤਰ੍ਹਾਂ ਬਹੁਤ ਸਾਰੀਆਂ ਉਪ ਭਾਖਾਵਾਂ ਵੀ ਹਨ । ਜਿਵੇਂ ਸ਼ਾਹਪੁਰੀ, ਪੋਠੋਹਾਰੀ, ਸਰਾਇਕੀ ਅਤੇ ਹਿੰਡਕੋ ਆਦਿ ਜੋ ਪੰਜਾਬੀ ਅਖਵਾਉਂਦੀਆਂ ਹਨ। ਏਸੇ ਤਰ੍ਹਾਂ ਚੜ੍ਹਦੇ ਪੰਜਾਬ ਵਿੱਚ 89.81% ਲੋਕ ਪੰਜਾਬੀ ਬੋਲਦੇ ਹਨ। ਅੰਮ੍ਰਿਤਸਰ, ਤਰਨ ਤਾਰਨ , ਗੁਰਦਾਸ ਪੁਰ ਦੇ ਜ਼ਿਲ੍ਹੇ ਮਾਝੇ ਦਾ ਇਲਾਕਾ ਅਖਵਾਉਂਦੇ ਹਨ। ਇਹਨਾਂ ਜ਼ਿਲ੍ਹਿਆਂ ਦੀ ਬੋਲੀ ਟਕਸਾਲੀ ਪੰਜਾਬੀ(standard Punjabi) ਹੈ। ਪਰ ਪੰਜਾਬ ਅੰਦਰ ਪੰਜਾਬੀ ਦੀਆਂ ਉਪ-ਭਾਖਾਵਾਂ (dialects) ਵੀ ਹਨ ਜੋ ਵੱਖ ੨ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ। ਜਿਵੇਂ ਮਲਵਈ,ਦੁਆਬੀ ਅਤੇ ਪੁਆਧੀ। ਜ਼ਿਲ੍ਹਾ ਰੋਪੜ, ਮੋਹਾਲੀ ਅਤੇ ਪਟਿਆਲ਼ਾ ਜ਼ਿਲ੍ਹੇ ਦਾ ਕੁਝ ਹਿੱਸਾ ਪੁਆਧ ਦੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ।
ਪੰਜਾਬੀ ਇੱਕ ਅਮੀਰ ਭਾਸ਼ਾ ਹੈ। ਸਿੱਖਾਂ ਦੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਗੁਰਮੁਖੀ (ਪੰਜਾਬੀ) ਵਿੱਚ ਕੀਤੀ ਗਈ। ਜੋ ਆਨੰਦ ਮਾਂ-ਬੋਲੀ ਪੰਜਾਬੀ ਦੇ ਗਿੱਧਿਆਂ, ਬੋਲੀਆਂ, ਵਾਰਾਂ,ਗੀਤਾਂ, ਘੋੜੀਆਂ,ਸੁਹਾਗਾਂ ਅਤੇ ਸਿੱਠਣੀਆਂ ਨਾਲ ਆਉਂਦਾ ਹੈ, ਉਸ ਦਾ ਕੋਈ ਸਾਨੀ ਨਹੀਂ। ਢੋਲ ਦੇ ਡੱਗੇ ਤੇ ਜਦ ਭੰਗੜੇ ਦੀ ਧਮਾਲ ਪੈਂਦੀ ਹੈ ਤਾਂ ਮੁਰਦਾ ਦਿਲ ਵੀ ਜੋਸ਼ ਵਿੱਚ ਆਕੇ ਨੱਚਣ ਲੱਗ ਜਾਂਦੇ ਨੇ। ਮੁਟਿਆਰਾਂ ਦੇ ਗਿੱਧੇ ਅਤੇ ਤੀਆਂ ਦੀਆਂ ਰੌਣਕਾਂ ਪੰਜਾਬੀ ਵਰਗੀ ਮਿੱਠੀ ਅਤੇ ਸਿੱਧੀ ਸਾਦੀ ਬੋਲੀ ਨਾਲ ਹੀ ਖਿੱਚ ਪਾਉਂਦੀਆਂ ਹਨ।
ਪਰ ਡਾਢੇ ਦੁੱਖ ਦੀ ਗੱਲ਼ ਹੈ ਕਈ ਦਹਾਕਿਆਂ ਤੋਂ ਦੋਹਾਂ ਪੰਜਾਬਾਂ ਵਿੱਚ ਆਪਣੀ ਹੀ ਮਾਂ-ਬੋਲੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਾਰਾਂ ਇਸ ਪਿਆਰੀ ਭਾਸ਼ਾ ਨੂੰ ਵਿਕਸਤ ਅਤੇ ਪ੍ਰਫੁੱਲਿਤ ਕਰਨ ਵਿੱਚ ਨਾਕਾਮ ਰਹੀਆਂ ਹਨ । ਜਿਸ ਨਾਲ ਆਮ ਲੋਕਾਂ ਦੀ ਖਿੱਚ ਅੰਗ੍ਰੇਜ਼ੀ ਭਾਸ਼ਾ ਸਿੱਖਣ ਅਤੇ ਬੋਲਣ ਵੱਲ ਵੱਧਣ ਲੱਗੀ ਹੈ। ਜਿਸ ਨਾਲ ਕਿਸੇ ਪੱਧਰ ਤੇ ਇਹ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਭਾਸ਼ਾ ਕਿਤੇ ਅਲੋਪ ਹੀ ਨਾ ਹੋ ਜਾਵੇ। ਬੱਚਿਆਂ ਨੂੰ ਜਨਮ ਦੇ ਪਹਿਲੇ ਸਾਲਾਂ ਵਿੱਚ ਹੀ ਅੰਗ੍ਰੇਜ਼ੀ ਦੇ ਸ਼ਬਦ ਸਿਖਾਉਣ ਦੇ ਯਤਨ, ਅੰਗ੍ਰੇਜ਼ੀ ਸਕੂਲਾਂ ਵਿੱਚ ਪੜ੍ਹਾਉਣ ਦੀ ਰੁਚੀ,ਸਕੂਲਾਂ ਅੰਦਰ ਪੰਜਾਬੀ ਬੋਲਣ ਤੇ ਪਾਬੰਦੀ , ਸਰਕਾਰੀ ਨੌਕਰੀਆਂ ਲਈ ਅੰਗਰੇਜ਼ੀ ਵਿੱਚ ਬਿਨੈਕਾਰ ਪੱਤਰ ਜਾਂ ਫ਼ਾਰਮ,ਇੰਟਰਵਿਊ ਅਤੇ ਅੰਗਰੇਜ਼ੀ ਬੋਲਣ ਦੀ ਕੁਸ਼ਲਤਾ ਦੀ ਪਰਖ, ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਅੰਗਰੇਜ਼ੀ ਦਾ ਬੋਲਬਾਲਾ,ਸਰਕਾਰੀ ਦਫ਼ਤਰਾਂ ਵਿੱਚ ਅਤੇ ਅਦਾਲਤਾਂ ਵਿੱਚ ਪੰਜਾਬੀ ਦਾ ਕੰਮ ਕਾਜ਼ੀ ਭਾਸ਼ਾ ਦਾ ਨਾ ਹੋਣਾ, ਗਣਿਤ, ਸਾਇੰਸ, ਕਾਨੂੰਨ ,ਡਾਕਟਰੀ,ਇੰਨਜੀਨੀਅਰਿੰਗ,ਖੇਤੀ, ਕੰਮਪਿਊਟਰ ਸਾਇੰਸ ਆਦਿ ਵਿਸ਼ਿਆਂ ਦਾ ਪੰਜਾਬੀ ਮਾਧਿਅਮ ਨਾ ਹੋਣਾ ,ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਹਨ।
ਸੱਭ ਤੋਂ ਮੰਦਭਾਗੀ ਗੱਲ ਇਹ ਕਿ ਜਦ ਜਿਸ ਮਾਂ ਦੇ ਪੁੱਤਰ ਹੀ ਉਸ ਨੂੰ ਵਿਸਾਰ ਦੇਣ ਤਾਂ ਫਿਰ ਮਾਂ ਦੀ ਮੌਤ ਤਾਂ ਸੁਭਾਵਿਕ ਹੈ। ਵਰਤਾਰਾ ਦੋਹਾਂ ਪੰਜਾਬਾਂ ਵਿੱਚ ਹੀ ਬਰਾਬਰ ਹੈ। ਅਸੀਂ ਆਪ ਹੀ ਪੰਜਾਬੀ ਬੋਲਣ ਵਿੱਚ ਹੱਤਕ ਸਮਝਣ ਲੱਗ ਪਏ ਹਾਂ ਅਤੇ ਇਹ ਸਮਝ ਕੇ ਸ਼ਰਮਾ ਰਹੇ ਹਾਂ ਕਿ ਸ਼ਾਇਦ ਸਾਡੀ ਮਾਂ-ਬੋਲੀ ਨਿਕੰਮੀ ਜਾਂ ਘਟੀਆ ਹੈ। ਚੜ੍ਹਦੇ ਪੰਜਾਬ ਦੇ ਨਾਮਵਰ ਪੰਜਾਬੀ ਲੇਖਕ ਸ਼ਰਫ ਨੇ ਪੰਜਾਬੀਆਂ ਦੀ ਇਸ ਹਾਲਤ ਤੋਂ ਦੁੱਖੀ ਹੋ ਕੇ ਹੀ ਲਿਖਿਆ ਸੀ,
“ ਪੁੱਛੀ ਬਾਤ ਨਾ ਜਿੰਨ੍ਹਾਂ ਨੇ ਸ਼ਰਫ ਮੇਰੀ,
ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ”
ਪੰਜਾਬੀ ਭਾਸ਼ਾ ਦੀ ਇਹ ਦਸ਼ਾ ਭਾਂਪਦਿਆਂ ਹਰ ਸੁਹਿਰਦ ਪੰਜਾਬੀ ਪ੍ਰੇਮੀ,ਵਿਦਵਾਨ ,ਲੇਖਕ, ਸਾਹਿਤਕ ਜਥੇਬੰਦੀਆਂ ਅਤੇ ਸਿੱਖਿਆ ਮਾਹਿਰਾਂ ਦੇ ਮਨਾਂ ਅੰਦਰ ਇਸ ਭਾਸ਼ਾ ਦੇ ਅਲੋਪ ਹੋ ਜਾਣ ਦੀ ਕਿਤੇ ਨਾ ਕਿਤੇ ਚਰਚਾ ਚੱਲਦੀ ਰਹਿੰਦੀ ਹੈ। ਯੂਨੈਸਕੋ (UNESCO) ਵੱਲੋਂ ਸਾਲ 2019 ਨੂੰ ਸਵਦੇਸ਼ੀ ਭਾਸ਼ਾਵਾਂ ਦੇ ਅੰਤਰਰਾਸ਼ਟਰੀ ਵਰ੍ਹੇ ਵਜੋਂ ਮਨਾਇਆ ਗਿਆ। ਉਸ ਨੇ ਆਪਣੀ ਰੀਪੋਰਟ ਵਿੱਚ ਕਿਹਾ ਕਿ ਪੰਜਾਬੀ ਸਮੇਤ ਕਈ ਹੋਰ ਸਵਦੇਸ਼ੀ ਭਾਸ਼ਾਵਾਂ ਦਾ 2050 ਤੱਕ ਭੋਗ ਪੈ ਜਾਵੇਗਾ। ਉਸ ਵਿੱਚ ਕਿਹਾ ਗਿਆ ਕਿ,” ਕਿਸੇ ਭਾਸ਼ਾ ਦੀ ਹੋਂਦ ਨੂੰ ਉਸ ਸਮੇਂ ਖਤਰਾ ਪੈਦਾ ਹੋ ਜਾਂਦਾ ਹੈ ਜਦੋਂ ਉਸ ਨੂੰ ਬੋਲਣ ਵਾਲੇ ਲੋਕ ,ਉਹ ਭਾਸ਼ਾ ਬੋਲਣੀ ਬੰਦ ਕਰ ਦੇਣ ਜਾਂ ਅਦਾਨ ਪ੍ਰਦਾਨ ਦੇ ਹਰ ਖੇਤਰ ਵਿੱਚ ਇਸ ਦੀ ਵਰਤੋਂ ਘੱਟਦੀ ਜਾਵੇ ਅਤੇ ਇਸ ਭਾਸ਼ਾ ਨੂੰ ਅਗਲੀ ਪੀੜ੍ਹੀ ਤੱਕ ਪੁੱਜਦੀ ਨਾ ਕੀਤਾ ਜਾਵੇ ਅਤੇ ਬੋਲਣ ਵਾਲਿਆਂ ਦੀ ਗਿਣਤੀ ਘੱਟਦੀ ਜਾਵੇ ਤਾਂ ਉਹ ਅਲੋਪ ਹੋ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਸ਼ੁਮਾਰ ਹੋ ਜਾਂਦੀ ਹੈ।”
UNESCO ਨੇ ਆਪਣੀ ਰੀਪੋਰਟ ਵਿੱਚ ਅੱਗੇ ਕਿਹਾ ਹੈ,”
Language endangerment may be the result of external forces such as military, economic, religious, cultural or educational subjugation, or it may be caused by internal forces, such as a community’s negative attitude towards its own language. Internal pressures often have their source in external ones, and both halt the inter generational transmission of linguistic and cultural traditions.”
ਇਹ ਸੱਚ ਹੈ ਕਿ ਪੰਜਾਬੀਆਂ ਅਤੇ ਸਿੱਖ ਲੋਕਾਂ ਦਾ ਵਤੀਰਾ ਹੀ ਪੰਜਾਬੀ ਪ੍ਰਤੀ ਨਾਂਹ ਪੱਖੀ ਹੈ। ਜਿਸ ਦੇ ਕਾਰਨਾਂ ਬਾਰੇ ਅੱਗੇ ਵਿਚਾਰ ਕੀਤੀ ਜਾਵੇਗੀ।

 ਕੁਝ ਪੰਜਾਬੀ ਵਿਦਵਾਨਾਂ ਅਤੇ ਵਰਲਡ ਸਿੱਖ ਆਰ-ਗੇਨਾਈਜ਼ੇਸ਼ਨ ਆਦਿ  ਸੰਗਠਨਾਂ ਨੇ ਯੂਨੈਸਕੋ ਦੀ ਉਪਰੋਕਤ ਰੀਪੋਰਟ ਉੱਤੇ ਇਤਰਾਜ਼ ਕੀਤਾ ਅਤੇ ਉਸ ਦੇ ਉਲਟ ਦਲੀਲਾਂ ਦਿੱਤੀਆਂ । ਮੁੜ ਪੜਤਾਲ ਕਰਨ ਤੇ ਪੰਜਾਬੀ ਨੂੰ ਅਲੋਪ ਹੋ ਰਹੀਆਂ ਭਾਸ਼ਾਵਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ ਗਿਆ। ਪਰ ਇਹ ਗੱਲ ਸੱਚੀ ਹੈ ਕਿ ਪੰਜਾਬੀ ਲੋਕਾਂ ਦਾ ਵਤੀਰਾ ਆਪਣੀ ਮਾਂ-ਬੋਲੀ ਪ੍ਰਤੀ ਸਹੀ ਨਹੀਂ ਹੈ ਅਤੇ ਯੂਨੈਸਕੋ ਵੱਲੋਂ ਕਿਸੇ ਭਾਸ਼ਾ ਦੇ ਅਲੋਪ ਹੋ ਜਾਣ ਦਾ ਕਾਰਨ ਦੱਸਿਆ ਗਿਆ ਹੈ,ਉਹ ਵੀ ਸੱਚ ਹੈ।
 ਪਾਕਿਸਤਾਨੀ ਪੰਜਾਬ ਦੇ ਇਕ ਪੰਜਾਬੀ ਭਾਸ਼ਾ ਵਿਦਵਾਨ ਨੁਆਹ ਉਸਮਾਨ, ਜਿਸ ਨੇ ਕੈਲੇਫੋਰਨੀਆਂ ਯੂਨੀਵਰਸਿਟੀ, ਬਰਕਲੇ ਤੋਂ ਭਾਸ਼ਾ ਵਿਗਿਆਨ ਦੀ ਪੜ੍ਹਾਈ ਕੀਤੀ ਹੈ ਨੇ ਆਪਣੇ ਖੋਜ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬੀ ਭਾਸ਼ਾ, ਪਾਕਿਸਤਾਨੀ ਪੰਜਾਬ ਦੀ ਸਰਕਾਰੀ ਭਾਸ਼ਾ ਹੈ। ਇਹ 70 ਮਿਲੀਅਨ ਲੋਕਾਂ ਦੀ ਬੋਲੀ ਹੈ ਜੋ ਕੁੱਲ ਵੱਸੋ ਦਾ 30% ਬਣਦਾ ਹੈ। ਪਰ ਜੇਕਰ ਚੰਗੀ ਤਰ੍ਹਾਂ ਨਜ਼ਰ ਮਾਰੀਏ ਤਾਂ ਇਸ ਨੂੰ ਖਤਰੇ ਦੇ ਕਈ ਲੱਛਣ ਨਜ਼ਰ ਆਉਂਦੇ ਹਨ। ਇਸ ਦਾ ਅੰਦਾਜ਼ਾ ਦੋ ਪੀੜ੍ਹੀਆਂ (generations) ਅੰਦਰ ਵੱਧ ਰਹੇ ਪਾੜੇ ਦੇ ਪੈਮਾਨੇ ਤੋਂ ਲਗਾਇਆ ਜਾ ਸਕਦਾ ਹੈ। ਜੋ ਇਹ ਸਾਬਤ ਕਰਦਾ ਹੈ ਕਿ ਇਸ ਬੋਲੀ ਨੂੰ ਗੰਭੀਰ ਖਤਰੇ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਵਡੇਰੀ ਪੀੜ੍ਹੀ ਦੇ ਲੋਕ ਆਪਸ ਵਿੱਚ ਪੰਜਾਬੀ ਦੀ ਵਰਤੋਂ ਕਰਨ ਵਿੱਚ ਬਹੁਤ ਮਾਹਿਰ ਹਨ ਪਰ ਇਹਨਾਂ ਵਿੱਚੋਂ ਅੱਗੋਂ ਕੋਈ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾ ਰਿਹਾ।” ਉਸ ਅਨੁਸਾਰ ਭਾਵੇਂ ਪਾਕਸਤਾਨ ਵਿੱਚ ਅਜੇ ਪੰਜਾਬੀ ਬੋਲੀ ਇਸ ਹੱਦ ਤੱਕ ਨਹੀਂ ਪੁੱਜੀ ਪਰ ਹੁਣ 21ਵੀਂ ਸਦੀ ਵਿੱਚ ਅੱਗੋਂ ਪੰਜਾਬੀ ਸਿਖਾਉਣ ਦਾ ਕੰਮ ਵੱਡੀ ਪੱਧਰ ਤੇ ਘੱਟ ਗਿਆ ਹੈ। ਵਿਦਵਾਨ ਅੱਗੇ ਕਹਿੰਦਾ ਹੈ ਕਿ ਇਸ ਤੋਂ ਵੀ ਵੱਡਾ ਚੈਲੰਜ ਇਹ ਹੈ ਕਿ ਸ਼ਹਿਰੀ ਹਲਕਿਆਂ ਵਿੱਚ ਇਸ ਨੂੰ ਇੱਕ ਸਮਾਜਿਕ ਧੱਬਾ,ਆਪਣੇ ਨੀਵੇਂ ਸਟੇਟੱਸ ਅਤੇ ਅਨਪੜ੍ਹਤਾ ਦੇ ਤੁੱਲ ਸਮਝਿਆ ਜਾ ਰਿਹਾ ਹੈ। ਖੁਸ਼ੀ ਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚਲੇ ਪੰਜਾਬ ਦੇ ਪੰਜਾਬੀ ਵਿਦਵਾਨ ਅਤੇ “ਪੰਜਾਬੀ ਪੜ੍ਹਾਓ ਗ੍ਰੁੱਪ” ਆਪਣੀ ਸਰਕਾਰ ਉੱਤੇ ਪੰਜਾਬੀ ਪੜ੍ਹਾਉਣ ਲਈ ਅੰਦੋਲਨ ਕਰ ਰਹੇ ਹਨ।
ਸਾਡੇ ਆਪਣੇ ਪੰਜਾਬ ਵਿੱਚ ਵੀ ਹਾਲਤ ਕਾਫ਼ੀ ਮਿਲਦੀ ਜੁਲਦੀ ਹੈ। ਬੱਚਾ ਅਜੇ ਇੱਕ ਸਾਲ ਦਾ ਨਹੀਂ ਹੁੰਦਾ ਉਸ ਨੂੰ ਗੈਰ ਕੁਦਰਤੀ ਢੰਗ ਨਾਲ ਆਪਣੇ ਸਰੀਰ ਦੇ ਅੰਗਾਂ ਬਾਰੇ ਅੰਗਰੇਜ਼ੀ ਵਿੱਚ ਸਿਖਾਉਣਾ, ਜਿੱਥੇ ਮਾਪੇ ਖੁਸ਼ੀ ਤੇ ਸ਼ਾਨ ਸਮਝਦੇ ਹਨ, ਓਥੇ ਬੱਚੇ ਦਾ ਤੇਜ਼ ਬੁੱਧੀ ਹੋਣ ਦਾ ਭਰਮ ਪਾਲਦੇ ਹਨ ਜਾਂ ਫਿਰ ਅੱਧ ਪਚੱਧੀ ਹਿੰਦੀ ਬੋਲਣੀ ਸਿਖਾਉਂਦੇ ਹਨ। ਪਰ ਅਸਲ ਵਿੱਚ ਉਸ ਨਾਲ ਲਾਡ ਪਿਆਰ ਵਾਲੀ ਭਾਸ਼ਾ, ਆਲੇ ਦੁਆਲੇ ਦੀ ਭਾਸ਼ਾ ਅਤੇ ਉਸ ਵੱਲੋਂ ਗਰਭ ਵਿੱਚ ਸੁਣੀ ਗਈ ਭਾਸ਼ਾ ਪੰਜਾਬੀ ਹੁੰਦੀ ਹੈ। ਇਕ ਸਟੇਜ ਤੇ ਬੱਚੇ ਦੇ ਦਿਮਾਗ ਵਿੱਚ ਭੰਬਲ਼ਭੂਸਾ ਬਣਿਆ ਰਹਿੰਦਾ ਹੈ। ਇੰਗਲੈਂਡ ਦੀ ਬ੍ਰਿਟਿਸ਼ ਕੌਂਸਲ ਖੁਦ ਕਹਿੰਦੀ ਹੈ ਕਿ ,”ਮਾਤ ਭਾਸ਼ਾ ਵਿੱਚ ਮੁੱਢਲੀ ਸਿੱਖਿਆ ਲੈਣ ਵਾਲਾ ਹੀ ਅੰਗਰੇਜ਼ੀ ਚੰਗੀ ਸਿੱਖ ਸਕਦਾ ਹੈ।” ਸੰਸਾਰ ਭਰ ਦੇ ਸਿੱਖਿਆ ਸ਼ਾਸਤਰੀ ਇਕਮੱਤ ਹਨ ਕਿ ਬੱਚੇ ਨੂੰ ਸਿੱਖਿਆ ਉਸ ਦੀ ਮਾਤ-ਭਾਸ਼ਾ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ। ਹੁਣ ਭਾਰਤ ਦੀ 2020 ਦੀ ਨਵੀਂ ਸਿੱਖਿਆ ਨੀਤੀ ਆਈ ਹੈ ਉਸ ਵਿੱਚ ਮਾਤ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਨਾਉਣ ਦੀ ਗੱਲ ਕਹੀ ਗਈ ਹੈ। ਬਹੁਤ ਹੀ ਚੰਗੀ ਗੱਲ ਹੈ ,ਦੇਰ ਨਾਲ ਚੁੱਕਿਆ ਦਰੁਸਤ ਕਦਮ ਹੈ। ਪਰ ਇਸ ਉੱਤੇ ਹੋਣ ਵਾਲੇ ਅਮਲ ਲਈ ਅਜੇ ਉਡੀਕ ਕਰਨੀ ਪਵੇਗੀ।
 ਪੰਜਾਬ ਅੰਦਰ ਪੰਜਾਬੀ ਬੋਲੀ ਉੱਤੇ ਚੌਤਰਫੇ ਹਮਲੇ ਹੋਏ ਹਨ। ਕੇਂਦਰੀ ਸਰਕਾਰ ਵੱਲੋਂ ਸਮੇਂ ੨ ਤੇ ਅਪਣਾਈ ਭਾਸ਼ਾ ਨੀਤੀ ਜਾਂ ਇਸ ਦੀ ਅਣਹੋਂਦ ਕਾਰਨ ਜਾਂ ਗਲਤ ਨੀਤੀ ਕਾਰਨ ਪੰਜਾਬੀ ਨੂੰ ਇਸ ਦੀ ਮਾਰ ਝੱਲਣੀ ਪਈ ਹੈ। 1950ਵਿਆਂ ਵਿੱਚ ਜਦੋਂ ਦੇਸ਼ ਵਿੱਚ ਭਾਸ਼ਾਈ ਲੀਹਾਂ ਤੇ ਭਾਰਤੀ ਰਾਜਾਂ ਦੇ ਪੁਨਰਗਠਨ ਦੇ ਮੱਦੇਨਜ਼ਰ ਪੰਜਾਬ ਵਿੱਚ ਸਿੱਖ ਭਾਈਚਾਰੇ ਨੇ ਭਾਸ਼ਾ ਦੇ ਅਧਾਰ ਤੇ ਪੰਜਾਬੀ ਬੋਲਣ ਵਾਲੇ ਇਲਾਕੇ/ਸੂਬੇ ਦੀ ਮੰਗ ਕੀਤੀ ਪਰ ਪੰਜਾਬ ਦੇ ਹਿੰਦੂਆਂ ਦੇ ਵਿਰੋਧ ਕਾਰਨ ਇਸ ਕੰਮ ਵਿੱਚ ਬੇਲੋੜੀ ਦੇਰੀ ਹੋਈ। ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿੱਚ ਹਿੰਦੂਆਂ ਨੇ ਉਰਦੂ ਨੂੰ ਪ੍ਰਸ਼ਾਸਨ, ਵਪਾਰ ਅਤੇ ਪੱਤਰਕਾਰੀ ਦੀ ਭਾਸ਼ਾ ਵਜੋਂ ਵਰਤਿਆ।  1966 ਵਿੱਚ ਪੰਜਾਬ ਦੇ ਪੁਨਰਗਠਨ ਵੇਲੇ ਨਾ ਪੰਜਾਬ ਨਾਲ ਇਨਸਾਫ਼ ਹੋਇਆ ਨਾ ਹੀ ਏਥੋਂ ਦੀ ਪੰਜਾਬੀ ਬੋਲੀ ਨਾਲ। ਪੁਨਰਗਠਨ ਦਾ ਅਧਾਰ ਲ਼ੋਕਾਂ ਦੀ ਭਾਸ਼ਾ ਦੀ ਥਾਂ ਸੌੜੀ ਸਿਆਸਤ ਨੇ ਲੈ ਲਈ। ਪੰਜਾਬ ਦੀ ਰਾਜਧਾਨੀ ਵੀ ਖੋਹ ਲਈ , ਪਾਣੀ ਉੱਤੇ ਹੱਕ ਵੀ ਖੋਹ ਲਿਆ ਅਤੇ ਪੰਜਾਬੀ ਬੋਲਦੇ ਕਈ ਇਲਾਕੇ ਵੀ ਹਿਮਾਚਲ ਪ੍ਰਦੇਸ਼ ਜਾਂ ਹਰਿਆਣਾ ਨੂੰ ਦੇ ਦਿੱਤੇ ਗਏ ਤਾਂ ਕਿ ਕੇਂਦਰ ਦੀ ਇੱਛਿਆ ਅਨੁਸਾਰ ਪੰਜਾਬ ਨੂੰ ਛੋਟਾ ਅਤੇ ਕਮਜ਼ੋਰ ਕਰ ਦਿੱਤਾ ਜਾਵੇ । ਦੂਜੇ ਪਾਸੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੁਦੱਈ ਹੋਣ ਦੀਆਂ ਟਾਹਰਾਂ ਮਾਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਖਾਤਰ ਪੰਜਾਬੀ ਬੋਲਣ ਵਾਲੇ ਇਲਾਕਿਆਂ ਨੂੰ ਤਰਜੀਹ ਦੇਣ ਦੀ ਥਾਂ ਸਿੱਖ ਬਹੁ ਵੱਸੋਂ ਵਾਲੇ ਇਲਾਕੇ ਸ਼ਾਮਲ ਕਰਾਉਣ ਲਈ ਤਤਪਰ ਸੀ। ਸਿੱਟਾ ਅੱਜ ਸੱਭ ਦੇ ਸਾਹਮਣੇ ਹੈ। ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਮੁੜ ਪੰਜਾਬ ਵਿੱਚ ਸ਼ਾਮਲ ਕਰਵਾਉਣ ਜਾਂ  ਪੰਜਾਬ ਦੇ 28 ਪਿੰਡ ਉਜਾੜ ਕੇ ਵਸਾਏ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਵਾਲੀਆਂ ਮੰਗਾਂ ਸਿਰਫ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡਣ ਅਤੇ ਵੋਟਾਂ ਲਈ ਸਿਰਫ ਨਾਅਰੇ ਲਾਉਣ ਤੱਕ ਹੀ ਸੀਮਤ ਹਨ। ਅੱਜ ਹਾਲਤ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਚੰਡੀਗੜ੍ਹ ਉੱਤੇ ਪੂਰੀ ਤਰ੍ਹਾਂ ਕਬਜ਼ਾ ਜਮਾ ਲਿਆ ਹੈ ਅਤੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਵਿੱਚੋਂ ਪੰਜਾਬੀ ਨੂੰ ਮੁਕੰਮਲ ਤਿਲਾਂਜਲੀ ਦੇ ਦਿੱਤੀ ਗਈ ਹੈ।
1969 ਵਿੱਚ ਥੋੜ੍ਹੇ ਸਮੇਂ ਲਈ ਇਕ ਸਰਕਾਰ ਸ੍ਰਃ ਲਛਮਣ ਸਿੰਘ ਗਿੱਲ ਦੀ ਅਗਵਾਈ ਵਿੱਚ ਬਣੀ ਤਾਂ ਆਉਂਦਿਆਂ ਹੀ ਇਸ ਪਾਸੇ ਕਦਮ ਪੁੱਟਦਿਆਂ “ ਮਾਂ ਬੋਲੀ ਪੰਜਾਬੀ ਦੇ ਸਿਰ ਤੇ ਰਾਜ ਮੁਕਟ” ਦਾ ਨਾਅਰਾ ਦੇ ਕੇ ਦਫ਼ਤਰਾਂ ਸਕੂਲਾਂ ਵਿੱਚ ਪੰਜਾਬੀ ਵਿੱਚ ਕੰਮ ਕਾਜ ਦਾ ਐਲਾਨ ਕੀਤਾ ਗਿਆ। ਉਸ ਮਗਰੋਂ ਕਈ ਸਰਕਾਰਾਂ ਆਈਆਂ ਪਰ ਮਾਂ ਬੋਲੀ ਦੇ ਸਿਰ ਸਚਮੁੱਚ ਰਾਜ ਮੁਕਟ ਅਜੇ ਤੱਕ ਨਹੀਂ ਸੱਜ ਸਕਿਆ। ਪੰਜਾਬੀ ਦੇ ਵਿਕਾਸ ਲਈ ਰਾਜ ਭਾਸ਼ਾ ਐਕਟ ਪਾਸ ਕੀਤਾ ਗਿਆ ਪਰ ਹਕੀਕਤ ਵਿੱਚ ਉਹ ਕਾਨੂੰਨ ਕਦੇ ਲਾਗੂ ਨਹੀਂ ਹੋਇਆ। ਕਿਉਂਕਿ ਨਾ ਤਾਂ ਸਰਕਾਰਾਂ ਸੰਜੀਦਾ ਸਨ ਅਤੇ ਇਹ ਕਾਨੂੰਨ ਵੀ ਸ਼ਾਇਦ ਆਪਣੀ ਕਿਸਮ ਦਾ ਇਕਲੌਤਾ ਕਾਨੂੰਨ ਹੋਵੇਗਾ ਜਿਸ ਵਿੱਚ ਇਸ ਦੀ ਉਲ਼ੰਘਣਾ ਕਰਨ ਵਾਲੇ ਲਈ ਕਿਸੇ ਸਜ਼ਾ ਦੀ ਵਿਵਸਥਾ ਨਹੀਂ ਰੱਖੀ ਗਈ। ਇਹ ਕੰਮ ਅਫਸਰਸ਼ਾਹੀ ਦੇ ਇੱਛਿਆ ਤੇ ਛੱਡ ਦਿੱਤਾ ਗਿਆ ਹੈ।
 ਭਾਸ਼ਾ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ। ਸਗੋਂ ਬੋਲੀ ਜਾਂ ਭਾਸ਼ਾ ਤਾਂ ਇਕ ਖ਼ਿੱਤੇ ਵਿੱਚ ਰਹਿਣ ਵਾਲੇ ਸਮੂਹ ਲੋਕਾਂ ਦੀ ਸਰਵ ਸਾਂਝੀ ਹੁੰਦੀ ਹੈ। ਪਰ ਕਿਸੇ ਭਾਸ਼ਾ ਨੂੰ ਵਿਸ਼ੇਸ਼ ਧਰਮ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਇਹ ਉਸ ਭਾਸ਼ਾ ਨਾਲ ਸੱਭ ਤੋਂ ਵੱਡਾ ਅਨਿਆਏਂ ਹੁੰਦਾ  ਹੈ। ਬਦਕਿਸਮਤੀ ਨਾਲ ਪੰਜਾਬੀ ਭਾਸ਼ਾ ਧਾਰਮਿਕ ਕੱਟੜਤਾ ਅਤੇ ਸੌੜੀ ਸਿਆਸਤ ਦੀ ਭੇਟ ਚੜ੍ਹ ਗਈ। ਪੰਜਾਬ ਵਿੱਚ ਵੱਸਣ ਵਾਲੇ ਸਮੂਹ ਹਿੰਦੂਆਂ ,ਸਿੱਖਾਂ , ਮੁਸਲਮਾਨਾਂ ਅਤੇ ਇਸਾਈਆਂ ਦੀ ਸਾਂਝੀ ਬੋਲੀ ਪੰਜਾਬੀ ਸੀ। ਪਰ ਪੰਜਾਬੀ ਨੂੰ ਸਿਰਫ ਸਿੱਖਾਂ ਦੀ ਭਾਸ਼ਾ ਕਹਿਣ ਵਾਲਿਆਂ ਨੇ ਵੀ ਇਹ ਕਹਿ ਕੇ ਇਸ ਦਾ ਨੁਕਸਾਨ ਹੀ ਕੀਤਾ ਹੈ। ਓਧਰ ਹਿੰਦੂਆਂ ਨੇ ਧਾਰਮਿਕ ਅਧਾਰ ਤੇ ਹਿੰਦੀ ਨੂੰ ਆਪਣੀ ਭਾਸ਼ਾ ਕਹਿਣਾ ਸ਼ੁਰੂ ਕਰ ਦਿੱਤਾ। ਪੰਜਾਬੀ ਦੇ ਬਹੁਤ ਸਾਰੇ ਨਾਮੀ ਵਿਦਵਾਨ ,ਲੇਖਕ,ਕਵੀ,ਸਾਹਿਤਕਾਰ,ਨਾਟਕਕਾਰ ਅਤੇ ਕਹਾਣੀਕਾਰ ਸਿੱਖਾਂ ਦੇ ਨਾਲ ੨ ਹਿੰਦੂਆਂ ਅਤੇ ਮੁਸਲਮਾਨਾਂ ਵਿੱਚੋਂ ਹੋਏ ਹਨ। ਲਹਿੰਦੇ ਪੰਜਾਬ ਦੇ ਸਾਰੇ ਪੰਜਾਬੀ ਦੇ ਵਿਦਵਾਨ ਮੁਸਲਮਾਨ ਹੀ ਹਨ। ਪਰ ਸਾਡੇ ਪੰਜਾਬ ਵਿੱਚ ਸਾਡੀ ਮਾਂ ਬੋਲੀ ਧਰਮ ਦੇ ਫ਼ਿਰਕੂ ਹਮਲੇ ਤੋਂ ਵੀ ਨਹੀਂ ਬਚ ਸਕੀ। ਜਦੋਂ ਅਜੇ ਅੰਗਰੇਜ਼ੀ ਸਕੂਲਾਂ ਦਾ ਰਿਵਾਜ ਨਹੀਂ ਸੀ ਪਿਆ ਅਤੇ ਦੂਜੇ ਰਾਜਾਂ ਤੋਂ ਵੀ ਏਧਰ ਆਵਾਜਾਈ ਨਹੀਂ ਸੀ ,ਉਦੋਂ ਇਹ ਬੋਲੀ ਫ਼ਿਰਕੂ ਨਫ਼ਰਤ ਦੀ ਭੇਂਟ ਚੜ੍ਹ ਗਈ। ਫ਼ਿਰਕੂ ਆਗੂਆਂ ਦੇ ਇਸ਼ਾਰੇ ਤੇ 1951 ਦੀ ਜਨਗਣਨਾ ਵਿੱਚ ਪੰਜਾਬ ਵਿੱਚ ਜਨਮ ਜਨਮਾਂਤਰਾਂ ਤੋਂ ਵੱਸਣ ਵਾਲੇ ਹਿੰਦੂਆਂ ਨੂੰ ਆਪਣੀ ਬੋਲੀ ਹਿੰਦੀ ਲਿਖਵਾਉਣ ਲਈ ਤਿਆਰ ਕਰ ਲਿਆ ਗਿਆ । ਏਸੇ ਤਰ੍ਹਾਂ 1961 ਦੀ ਜਨਗਣਨਾ ਵਿੱਚ ਹੋਇਆ। ਬਹੁਤ ਸਾਰੇ ਹਿੰਦੂ ਪ੍ਰੀਵਾਰਾਂ ਨੇ ਆਪਣੇ ਬੱਚਿਆਂ ਨੂੰ ਹਿੰਦੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਘਰਾਂ ਵਿੱਚ ਇਕ ਦੂਜੇ ਨਾਲ ਪੰਜਾਬੀ ਦੀ ਥਾਂ ਹਿੰਦੀ ਬੋਲਣੀ ਸ਼ੁਰੂ ਕਰ ਦਿੱਤੀ। ਖੁਸ਼ੀ ਗ਼ਮੀ ਦੇ ਸੱਦਾ ਪੱਤਰ ਹਿੰਦੀ ਵਿੱਚ ਛਪਵਾਉਣੇ ਸ਼ੁਰੂ ਕਰ ਦਿੱਤੇ । ਇਸ ਤਰਾਂ ਬਹੁਤ ਸਾਰੇ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਗਏ। ਏਸੇ ਤਰ੍ਹਾਂ ਹੁਣ ਕਈ ਲੋਕ ਅੰਗਰੇਜ਼ੀ ਜਾਂ ਹਿੰਦੀ ਬੋਲ ਕੇ ਆਪਣੀ ਵਿਦਵਤਾ ਅਤੇ ਸਿਆਣਪ ਬਾਰੇ ਭੁਲੇਖਾ ਖਾ ਰਹੇ ਹਨ। ਭਾਸ਼ਾ ਜਿੰਨੀਆਂ ਵੀ ਸਿੱਖੀਆਂ ਜਾਣ , ਚੰਗਾ ਹੈ ਪਰ ਮਾਂ ਬੋਲੀ ਦਾ ਮੁਕਾਬਲਾ ਕੋਈ ਹੋਰ ਭਾਸ਼ਾ ਨਹੀਂ ਕਰ ਸਕਦੀ। ਜੇ ਸਿਆਣਪ ਜਾਂ ਬੁੱਧੀ ਦਾ ਪੱਧਰ ਅੰਗਰੇਜ਼ੀ ਨਾਲ ਹੀ ਜੁੜਿਆ ਹੁੰਦਾ ਤਾਂ ਸੰਸਾਰ ਦੀਆਂ ਹੋਰ ਸਾਰੀਆਂ ਕੌਮਾਂ ਜਾਂ ਕੌਮੀਅਤਾਂ ਅੱਜ ਤਰੱਕੀ ਦੀਆਂ ਸਿਖਰਾਂ ਨਾ ਛੂਹ ਸਕਦੀਆਂ।
  ਪੰਜਾਬੀ ਬੋਲੀ ਨੂੰ ਅਨਪੜ੍ਹਾਂ ਦੀ ਬੋਲੀ ਜਾਂ ਆਪਣੇ ਸਟੇਟਸ ਤੋਂ ਥੱਲੇ ਸਮਝਣ ਵਾਲਿਆਂ ਲਈ ਕਿਸੇ  ਵਿਦਵਾਨ ਕਵੀ ਨੇ ਬਹੁਤ ਸ਼ਾਨਦਾਰ ਸਤਰਾਂ ਲਿਖੀਆਂ ਹਨਃ-

“ਅੱਖਰਾਂ ਵਿੱਚ ਸਮੁੰਦਰ ਰੱਖਾਂ , ਮੈ ਇਕਬਾਲ ਪੰਜਾਬੀ ਦਾ,
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।
ਜਿਹੜੇ ਆਖਣ ਵਿੱਚ ਪੰਜਾਬੀ ਵੁਹਸਤ ਨਹੀਂ , ਤਹਿਜ਼ੀਬ ਨਹੀਂ
ਵੇਖਣ ਵਾਰਸ ,ਬੁੱਲ੍ਹਾ, ਬਾਹੂ,ਲਾਲ ਪੰਜਾਬੀ ਦਾ।
ਤਨ ਦਾ ਮਾਸ ਖਵਾ ਦੇਂਦਾ ਏ,ਜਿਹੜਾ ਇਸ ਨੂੰ ਪਿਆਰ ਕਰੇ,
ਕੋਈ ਵੀ ਜਬਰੀ ਕਰ ਨਹੀਂ ਸਕਦਾ ਵਿੰਗਾ ਵਾਲ ਪੰਜਾਬੀ ਦਾ”
ਸੋ ਸ਼ਰਮਾਉਣ ਦੀ ਲੋੜ ਨਹੀਂ , ਜਿਸ ਪੰਜਾਬੀ ਬੋਲੀ ਵਿੱਚ ਸੰਸਾਰ ਦਾ ਸੱਭ ਤੋਂ ਉੱਤਮ ਗ੍ਰੰਥ ਸਾਹਿਬ ਲਿਖਿਆ ਗਿਆ, ਵਾਰਿਸ ਦੀ ਹੀਰ ਅਤੇ ਸੱਸੀ ਪੁਨੂੰ ਦੇ ਕਿੱਸੇ ਲਿਖੇ ਗਏ ਉਹ ਬੋਲੀ ਕਿਸੇ ਹੋਰ ਨਾਲ਼ੋਂ ਘੱਟ ਕਿਵੇਂ ਹੋ ਸਕਦੀ ਹੈ?
ਮੇਰਾ ਮੰਨਣਾ ਹੈ ਕਿ ਅਮਲੀ ਰੂਪ ਵਿੱਚ ਪੰਜਾਬੀ ਅਤੇ ਇਸ ਦਾ ਅਸਲੀ ਸਰੂਪ ਜੋ ਕੁਝ ਵੀ ਅੱਜ ਵੇਖਣ ਨੂੰ ਮਿਲ ਰਿਹਾ ਹੈ ,ਉਸ ਦੇ ਕਾਇਮ ਰਹਿਣ ਦਾ ਸਿਹਰਾ ਪੰਜਾਬ ਦੇ ਅਨਪੜ੍ਹ ਜਾਂ ਘੱਟ ਪੜ੍ਹੇ ਅਤੇ ਖਾਸ ਕਰ ਪੇਂਡੂ ਜਨ-ਸਮੂਹਾਂ ਨੂੰ ਜਾਂਦਾ ਹੈ। ਉਹ ਅੱਜ ਵੀ ਠੇਠ ਪੰਜਾਬੀ ਬੋਲਦੇ ਹਨ। ਉਹਨਾਂ ਦੀ ਬਹੁਤ ਸਾਰੀ ਸ਼ਬਦਾਵਲੀ ਐਸੀ ਹੈ ਜਿਸ ਦੀ ਸਮਝ ਪੜ੍ਹੇ ਲਿਖਿਆਂ ਨੂੰ ਵੀ ਕਈ ਵਾਰੀ ਨਹੀਂ ਆਉਂਦੀ। ਇਸ ਲਈ ਇਸ ਮਾਂ ਬੋਲੀ ਨੂੰ ਵੱਧ ਪੜ੍ਹਿਆਂ ਕੋਲ਼ੋਂ ਜ਼ਿਆਦਾ ਖਤਰਾ ਹੈ। ਸੱਚ ਪੁੱਛੋ ਤਾਂ ਵਧੇਰੇ ਪੜ੍ਹਿਆਂ ਨੇ ਤਾਂ ਨਿਰੋਲ ਪੰਜਾਬੀ ਵਿੱਚ ਮਿਲਾਵਟ ਕਰਨ ਦਾ ਕੰਮ ਜ਼ਿਆਦਾ ਕੀਤਾ ਹੈ।

ਦੁਨੀਆ ਭਰ ਦੇ ਵਿਦਵਾਨਾਂ , ਮਨੋਵਿਗਿਆਨੀਆਂ ਅਤੇ ਭਾਸ਼ਾਈ ਮਾਹਿਰਾਂ ਦਾ ਮੱਤ ਹੈ ਕਿ ਉਹ ਦੇਸ਼ ਸੱਭ ਤੋਂ ਵੱਧ ਸਫਲ ਹਨ ਜਿਨ੍ਹਾਂ ਦੀ ਕੰਮ ਕਾਜੀ ਬੋਲੀ ਅਤੇ ਸਿੱਖਿਆ ਦਾ ਮਾਧਿਅਮ ਆਪਣੀ ਮਾਤ ਭਾਸ਼ਾ ਵਿੱਚ ਹੈ।ਚੀਨ, 

ਜਾਪਾਨ,ਰੂਸ ਅਤੇ ਕੋਰੀਆ ਇਸ ਦੀਆਂ ਉੱਘੜਵੀਆਂ ਮਿਸਾਲਾਂ ਹਨ । ਅਮਰੀਕਾ ਵਰਗੇ ਦੇਸ਼ ਦੇ ਕਈ ਸੂਬਿਆਂ ਦਾ ਸਿੱਖਿਆ ਮਾਧਿਅਮ ਅੰਗਰੇਜ਼ੀ ਨਹੀਂ ਹੈ। ਕਨੇਡਾ ਦੇ ਕੁਝ ਸੂਬਿਆਂ ਵਿੱਚ ਵੀ ਐਸਾ ਹੀ ਹੈ। ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਮੁੱਢਲੀ ਸਿੱਖਿਆ ਵਿੱਚ , ਪੜ੍ਹਾਈ ਦੇ ਮਾਧਿਅਮ ਵਜੋਂ ਪੰਜਾਬੀ ਵਾਲੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸੱਭ ਤੋ ਵੱਧੀਆ ਰਿਹਾ। ਭਾਰਤੀ ਭਾਸ਼ਾਵਾਂ ਦੇ 51% ਵਿਦਿਆਰਥੀ ਗਲੋਬਲ ਮੁਹਾਰਤ ਪੱਧਰ ਤੋ ਵੱਧ ਹਨ।
ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਬੱਚੇ ਮਾਂ ਬੋਲੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਵਿੱਚ ਸਾਖਰਤਾ ਅਤੇ ਗਿਣਤੀ ਦੇ ਹੁਨਰ ਸਿੱਖ ਰਹੇ ਹਨ। ਰਿਪੋਰਟ ਵਿੱਚ ਪਾਇਆ ਗਿਆ ਕਿ ਹੋਰ ਭਾਸ਼ਾਵਾਂ ਪੰਜਵੀਂ ਜਾਂ ਅੱਠਵੀਂ ਦੇ ਪੱਧਰ ਤੋਂ ਸ਼ੁਰੂ ਕਰਨਾ ਵਾਜਿਬ ਹੈ। ਹੋਰ ਕਿਹਾ ਗਿਆ ਕਿ ਪਿੱਛਲੇ 50 ਸਾਲਾਂ ਵਿੱਚ, ਭਾਰਤ ਨੇ 220 ਤੋਂ ਵੱਧ ਭਾਸ਼ਾਵਾਂ ਨੂੰ ਗੁਆ ਲਿਆ ਹੈ। ਜਿਸ ਦਾ ਮਤਲਬ ਹੈ ਕਿ ਭਾਸ਼ਾਵਾਂ ਦੀ ਸੰਭਾਲ ਅਤੇ ਦੇਖਭਾਲ ਵੱਲ ਪੂਰਾ ਧਿਆਨ ਨਹੀ ਦਿੱਤਾ ਗਿਆ। ਵਿਸ਼ਵ ਬੈਂਕ 2021 ਦੀ ਰਿਪੋਰਟ ਅਨੁਸਾਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਵਿੱਚ 25% ਪ੍ਰਾਇਮਰੀ ਸਕੂਲੀ ਬੱਚਿਆਂ ਨੂੰ ਇਸ ਤੱਥ ਦੇ ਨਤੀਜੇ ਵਜੋਂ ਸਿੱਖਣ ਵਿੱਚ ਮੱਧਮ ਤੋਂ ਗੰਭੀਰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਕਿ ਸਕੂਲ ਵਿੱਚ ਵਰਤੀ ਜਾਂਦੀ ਭਾਸ਼ਾ ਉਨ੍ਹਾਂ ਦੀ ਮਾਤਭਾਸ਼ਾ ਨਹੀਂ ਹੈ। ਬੈਂਕ ਦੇ ਮੁਲਾਂਕਣ ਅਨੁਸਾਰ ਭਾਰਤ ਵਿੱਚ 50% ਬੱਚਿਆਂ ਵਿੱਚ ਬੁਨਿਆਦੀ ਸਿੱਖਿਆ ਦੀ ਘਾਟ ਹੈ। ਜਦੋਂ ਤੱਕ ਉਹ ਪੰਜਵੀਂ ਜਮਾਤ ਵਿੱਚ ਪਹੁੰਚਦੇ ਹਨ, ਉਨ੍ਹਾਂ ਲਈ ਇਹ ਸਮਝਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਗ੍ਰੇਡ ਪੱਧਰ ਅਨੁਸਾਰ ਕੀ ਸਿਖਾਇਆ ਜਾ ਰਿਹਾ ਹੈ ਅਤੇ ਕੀ ਸਿੱਖਣਾ ਹੈ। ਭਾਰਤ ਵਿੱਚ ਯੂਨੀਸੈਫ 2022 ਦੀ ਇੱਕ ਰਿਪੋਰਟ ਅਨੁਸਾਰ , 92% ਵਿਦਿਆਰਥੀਆਂ ਨੇ ਘੱਟੋ-ਘੱਟ ਇੱਕ ਖਾਸ ਭਾਸ਼ਾ ਦੀ ਯੋਗਤਾ ਗੁਆ ਦਿੱਤੀ ਅਤੇ 82% ਨੇ ਇੱਕ ਖਾਸ ਗਣਿਤ ਗੁਆ ਦਿੱਤਾ। ਵਿਸ਼ਵ ਪੱਧਰ ਤੇ 10 ਸਾਲ ਦੇ ਲਗਭਗ ਦੋ ਤਿਆਹੀ ਬੱਚੇ ਇੱਕ ਸਧਾਰਨ ਪਾਠ ਨੂੰ ਪੜ੍ਹਨ ਅਤੇ ਸਮਝਣ ਵਿੱਚ ਅਸਮਰੱਥ ਹਨ। ਬਹੁਤ ਸਾਰੇ ਦੇਸ਼ਾਂ ਵਿੱਚ, ਜ਼ਿਆਦਾਤਰ ਬੱਚੇ ਬੁਨਿਆਦੀ ਸ਼ਬਦਾਵਲੀ ਦੀ ਵਿਆਖਿਆ ਨਹੀ ਕਰ ਸਕਦੇ। ਪਰ ਸਰਕਾਰਾਂ ਇਸ ਪ੍ਰਤੀ ਗੰਭੀਰ ਨਹੀਂ ਹਨ।
ਦੂਜੇ ਪਾਸੇ ਪੰਜਾਬੀ ਬੋਲੀ ਤੋਂ ਕਿਨਾਰਾ ਕਰਨ ਵਾਲੇ ਪੰਜਾਬੀਆਂ ਕੋਲ ਉਹ ਸਾਰੇ ਕਾਰਨ ਮੌਜੂਦ ਹਨ ਜਿੰਨ੍ਹਾਂ ਦਾ ਵਰਨਣ ਉੱਪਰ ਕਰ ਚੁੱਕੇ ਹਾਂ ਜੋ ਕਿਸੇ ਹੱਦ ਤੱਕ ਠੀਕ ਵੀ ਮੰਨੇ ਜਾ ਸਕਦੇ ਹਨ। ਪਰ ਇਕ ਕਾਰਨ ਤਾਂ ਮਨੋਵਿਗਿਆਨਿਕ ਲੱਗਦਾ ਹੈ। ਸ਼ਾਇਦ ਗੁਲਾਮੀ ਦੇ ਸਮੇਂ ਦਾ ਅਸਰ ਅਜੇ ਖਤਮ ਹੋਇਆ ਨਹੀਂ ਜਾਪਦਾ। ਬਹੁਤ ਲੋਕ ਅੰਗਰੇਜ਼ੀ ਨੂੰ ਇਕ ਸੱਭ ਤੋਂ ਵਧੀਆ ਭਾਸ਼ਾ ਹੋਣ ਅਤੇ ਉੱਚੇ ਸਟੇਟਸ ਦੀ ਨਿਸ਼ਾਨੀ ਸਮਝਦੇ ਹਨ। ਪਰ ਇਸ ਤੋਂ ਵੀ ਵੱਧ ਕੇ ਅਜੋਕੇ ਸਮਿਆਂ ਦਾ ਪ੍ਰਮੁੱਖ ਕਾਰਨ ਪੰਜਾਬ ਜਾਂ ਆਪਣੇ ਦੇਸ਼ ਵਿੱਚ ਰੁਜ਼ਗਾਰ ਦਾ ਨਾ ਮਿਲਣਾ ਹੈ। ਜਿਸ ਕਰਕੇ ਹਰ ਸਾਲ ਲੱਖਾਂ ਨੌਜਵਾਨ ਲੜਕੇ ਲੜਕੀਆਂ ਉਚੇਰੀ ਪੜ੍ਹਾਈ ਜਾਂ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਪ੍ਰਵਾਸ (immigration) ਲੈ ਰਹੇ ਹਨ। ਕਿਉਂਕਿ ਉਹਨਾਂ ਦੇਸ਼ਾਂ ਵਿੱਚ ਜਾਣ ਲਈ ਅੰਗਰੇਜ਼ੀ ਪੜ੍ਹਨ ਅਤੇ ਬੋਲਣ ਦੀ ਮੁਹਾਰਤ ਜ਼ਰੂਰੀ ਸ਼ਰਤ ਹੈ। ਇਹ ਕੇਹੀ ਵਿਡੰਬਣਾ ਹੈ ਕਿ ਸਾਡੀਆਂ ਸਰਕਾਰਾਂ ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਬਦੇਸ਼ੀ ਨੌਜਵਾਨਾਂ ਨੂੰ ਤਾਂ ਕੀ ਆਪਣੇ ਹੀ ਬੱਚਿਆਂ ਲਈ ਰੁਜ਼ਗਾਰ ਮੁਖੀ ਯੋਜਨਾਵਾਂ ਬਨਾਉਣ ਵਿੱਚ ਨਾਕਾਮ ਰਹੀਆਂ ਹਨ। ਜਦ ਕਿ ਦੁਨੀਆਂ ਦੇ ਛੋਟੇ ੨ ਦੇਸ਼ ਜਿਵੇਂ ਨਿਊਜ਼ੀਲੈਂਡ, ਇਟਲੀ, ਜਰਮਨੀ, ਜਾਪਾਨ , ਇੰਗਲੈਂਡ ਆਦਿ ਹਰ ਸਾਲ ਬਦੇਸ਼ੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਲ ੨ ਪੱਕੇ ਨਿਵਾਸੀ ਬਨਾਉਣ ਦਾ ਕੰਮ ਵੀ ਕਰ ਰਹੇ ਹਨ। ਕੰਮਪਿਊਟਰ ਦੇ ਆਉਣ ਨਾਲ ਵੀ ਅੰਗਰੇਜ਼ੀ ਵੱਲ ਰੁਝਾਨ ਵੱਧਿਆ ਹੈ। ਕਿਉਂਕਿ ਸਮੇਂ ਦੇ ਨਾਲ ੨ ਇਨਟਰਨੈੱਟ ਲਈ ਪੰਜਾਬੀ ਭਾਸ਼ਾ ਵਿੱਚ ਸ਼ਬਦਾਵਲੀ ਦੀ ਖੋਜ ਲਈ ਸਾਰਥਿਕ ਕਦਮ ਨਹੀਂ ਪੁੱਟੇ ਗਏ।
ਫਿਲਮਾਂ ਮਨੋਰੰਜਨ ਦੇ ਨਾਲ ੨ ਗਿਆਨ ਪ੍ਰਾਪਤੀ ਦਾ ਸਾਧਨ ਵੀ ਹੁੰਦੀਆਂ ਹਨ। ਇਹ ਠੀਕ ਹੈ ਕਿ ਪੰਜਾਬੀ ਵਿੱਚ ਕਾਫ਼ੀ ਫਿਲਮਾਂ ਤਿਆਰ ਹੋ ਚੁੱਕੀਆਂ ਹਨ ਪਰ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਇਹਨਾਂ ਦਾ ਪੱਧਰ ਅਜੇ ਨੀਵਾਂ ਹੈ। ਜਿਸ ਕਰਕੇ ਪੜ੍ਹੇ ਲਿਖੇ ਵਰਗ ਦੇ ਦਿਲਾਂ ਵਿੱਚ ਇਹ ਫਿਲਮਾਂ ਆਪਣਾ ਸਥਾਨ ਬਨਾਉਣ ਵਿੱਚ ਸਫਲ ਨਹੀਂ ਹੋਈਆਂ।
ਜੇਕਰ ਪੰਜਾਬ ਦੀਆਂ ਸਮੇਂ ੨ ਦੀਆਂ ਸਰਕਾਰਾਂ ਦੀ ਨੀਯਤ ਠੀਕ ਹੋਵੇ ਤਾਂ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾ ਸਕਦੇ ਹਨ। ਉੱਪਰ ਦੱਸੇ ਗਏ ਆਮ ਉਪਾਵਾਂ ਦੇ ਨਾਲ ਰਾਜ ਭਾਸ਼ਾ ਐਕਟ ਵਿੱਚ ਉਲ਼ੰਘਣਾ ਕਰਨ ਵਾਲੇ ਅਧਿਕਾਰੀ/ਕਰਮਚਾਰੀ ਲਈ ਸਜ਼ਾ ਦੀ ਵਿਵਸਥਾ ਕਰਨੀ ਸਮੇਂ ਦੀ ਲੋੜ ਹੈ। ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਲਾਉਣ ਵਾਲੇ ਸਕੂਲਾਂ ਵਿਰੁੱਧ ਕਾਰਵਾਈ ਕਰਨੀ ਸਮੇਂ ਦੀ ਮੰਗ ਹੈ। ਜਿਵੇਂ ਹੁਣ ਪੰਜਾਬ ਦੇ ਮੁੱਖ ਮੰਤਰੀ ਸ੍ਰਃ ਭਗਵੰਤ ਸਿੰਘ ਮਾਨ ਨੇ ਇਕ ਵਾਰ ਫਿਰ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਲਾਗੂ ਕਰਨ ਦਾ ਹੁਕਮ ਦਿੱਤਾ ਹੈ। ਕਿਹਾ ਚੰਗਾ ਹੋਵੇ ਜੇ ਸਮੂਹ ਵਿਸ਼ਿਆਂ ਦੀ ਪੜ੍ਹਾਈ ਪੰਜਾਬੀ ਵਿੱਚ ਕਰਨ ਦੇ ਉਪਰਾਲੇ ਲਈ ਵਿਦਵਾਨਾਂ ਅਤੇ ਮਾਹਿਰਾਂ ਦੀ ਇਕ ਕਮੇਟੀ ਬਣਾਈ ਜਾਵੇ। ਪੰਜਾਬੀ ਯੂਨੀਵਰਸਿਟੀ ਜੋ ਪੰਜਾਬੀ ਦੇ ਵਿਕਾਸ ਲਈ ਬਣਾਈ ਗਈ ਸੀ. ਉਸ ਨੂੰ ਚੁਸਤ ਦਰੁਸਤ ਕੀਤਾ ਜਾਵੇ। ਸਰਕਾਰੀ ਨੌਕਰੀ ਲਈ ਦਸਵੀਂ ਜਮਾਤ ਦੀ ਪੰਜਾਬੀ ਦੀ ਪ੍ਰੀਖਿਆ ਸਿਰਫ ਪਾਸ ਕਰਨੀ ਹੀ ਲਾਜ਼ਮੀ ਨਾ ਕੀਤੀ ਜਾਵੇ ਸਗੋਂ ਪੰਜਾਬੀ ਦੇ ਵਿਸ਼ੇ ਵਿੱਚੋਂ ਪ੍ਰਾਪਤ ਅੰਕਾਂ ਮੁਤਾਬਕ weightage ਦਿੱਤੀ ਜਾਵੇ। ਇਸ ਦੇ ਨਾਲ ਹੀ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਮੁੱਖ ਮੰਤਰੀ ਵੱਲੋਂ ਜਿਵੇਂ ਕਾਰੋਬਾਰੀ ਅਦਾਰਿਆਂ ਦੇ ਬੋਰਡ ਪੰਜਾਬੀ ਵਿੱਚ ਲਿਖਣ ਦੀ ਹਦਾਇਤ ਕੀਤੀ ਹੈ ਇਹ ਕਦਮ ਸਵਾਗਤਯੋਗ ਹੈ। ਪਰ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ। ਦੇਰ ਬਹੁਤ ਹੋ ਚੁੱਕੀ ਹੈ।
ਪਰ ਸੱਭ ਤੋਂ ਵੱਡਾ ਸੱਚ ਇਹ ਹੈ ਕਿ ਸਰਕਾਰਾਂ ਦੀ ਨੁਕਤਾਚੀਨੀ ਕਰਨੀ ਜਾਂ ਦੁਜਿਆਂ ਨੂੰ ਦੋਸ਼ ਦੇਣਾ ਸੌਖਾ ਕੰਮ ਹੈ ।ਪਰ ਜਦ ਤੱਕ ਹਰ ਪੰਜਾਬੀ ਇਹ ਸੋਚ ਨਹੀਂ ਬਣਾਉਂਦਾ ਕਿ,” ਆਪਣੀ ਮਾਂ ਬੋਲੀ ਦੀ ਮੌਜੂਦਾ ਹਾਲਤ ਲਈ ਕਿਸੇ ਹੱਦ ਤੱਕ ਮੈ ਵੀ ਜ਼ਿੰਮੇਵਾਰ ਹਾਂ , ਮੇਰਾ ਵੀ ਕੋਈ ਫ਼ਰਜ਼ ਹੈ ,ਤਾਂ ਹੋਰ ਭਾਵੇਂ ਲੱਖ ਯਤਨ ਹੋ ਜਾਣ ਤਦ ਤੱਕ ਸੁਧਾਰ ਨਹੀਂ ਹੋ ਸਕਦਾ। ਰਾਜਸੀ ਪਾਰਟੀਆਂ ਨੇ ਤਾਂ ਹਰ ਮਸਲੇ ਤੇ ਰਾਜਸੀ ਰੋਟੀਆਂ ਸੇਕਣੀਆਂ ਹੁੰਦੀਆਂ ਹਨ ,ਉਹਨਾਂ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਸਾਡੀ ਆਪਣੀ ਮਾਂ ਬੋਲੀ ਹੈ। ਇਸ ਦੀ ਨਰੋਈ ਸਿਹਤ ਅਤੇ ਇਸ ਨੂੰ ਜੀਵਤ ਰੱਖਣ ਅਤੇ ਪ੍ਰਫੁੱਲਿਤ ਕਰਨ ਦੀ ਜ਼ੁੰਮੇਵਾਰੀ ਸਾਡੀ ਆਪਣੀ ਹੈ।
ਪਰ ਮਾਯੂਸੀ ਦੀ ਲੋੜ ਨਹੀਂ। ਤਸਵੀਰ ਦਾ ਇਕ ਸੁਨਹਿਰੀ ਪਾਸਾ ਵੀ ਹੈ। ਤੁਹਾਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਬੇਸ਼ੱਕ ਜਦ ਅਸੀਂ ਪੰਜਾਬੀ ਭਾਸ਼ਾ ਦੀ ਆਪਣੇ ਦੇਸ਼ ਵਿਚਲੀ ਹਾਲਤ ਵੇਖਦੇ ਹਾਂ ਤਾਂ ਚਿੰਤਾ ਜ਼ਰੂਰ ਹੁੰਦੀ ਹੈ। ਪਰ ਜੇਕਰ ਸਮੁੱਚੀ ਤਸਵੀਰ ਵੇਖੀ ਜਾਵੇ ਤਾਂ ਇਕ ਆਸ ਦੀ ਕਿਰਨ ਸਪੱਸ਼ਟ ਦਿਖਾਈ ਦੇਂਦੀ ਹੈ। ਪੰਜਾਬ ਦੀਆਂ ਵਲ਼ਗਣਾਂ ਚੋਂ ਨਿਕਲ ਕੇ ਪੰਜਾਬੀ ਅੱਜ ਸੰਸਾਰ ਦੀਆਂ ਸੱਭ ਤੋਂ ਵੱਧ ਬੋਲੇ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਦਸਵੇਂ ਨੰਬਰ ਤੇ ਖੜੀ ਹੈ। ਸੰਸਾਰ ਭਰ ਦੇ ਕਰੀਬ 130 ਮਿਲੀਅਨ ਲੋਕਾਂ ਦੇ ਬੋਲ ਚਾਲ ਦੀ ਭਾਸ਼ਾ ਪੰਜਾਬੀ ਹੈ। ਇਹ ਜਰਮਨ, ਕੋਰੀਅਨ ਅਤੇ ਫ਼੍ਰੈਂਚ ਭਾਸ਼ਾਵਾਂ ਨਾਲ਼ੋਂ ਵੱਧ ਬੋਲੀ ਜਾਣ ਵਾਲੀ ਮਾਤ ਭਾਸ਼ਾ ਹੈ। ਅੰਗਰੇਜ਼ਾਂ ਦੇ ਦੇਸ਼ ਇੰਗਲੈਂਡ ਵਿੱਚ ਪੰਜਾਬੀ ਭਾਸ਼ਾ ਦਾ ਨੰਬਰ ਚੌਥਾ ਹੈ। ਕਨੇਡਾ (Canada) ਵਿੱਚ ਵੀ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਪੰਜਾਬੀ ਦਾ ਚੌਥਾ ਨੰਬਰ ਹੈ ਜੋ 2021 ਦੀ ਜਨਗਣਨਾ ਰੀਪੋਰਟ ਤੋਂ ਸਪੱਸ਼ਟ ਹੁੰਦਾਹੈ। ਕਨੇਡਾ ਦੀ ਇਕ ਯੂਨੀਵਰਸਿਟੀ ਵਿੱਚ ਪੰਜਾਬੀ, ਇਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਈ ਜਾਣ ਲੱਗੀ ਹੈ। ਹਾਲ ਵਿੱਚ ਹੀ ਮੈਨੀਟੋਬਾ ਪ੍ਰਾਂਤ ਨੇ ਪੰਜਾਬੀ ਪੜ੍ਹਾਉਣ ਦਾ ਫੈਸਲਾ ਲੈ ਲਿਆ ਹੈ। ਆਉਣ ਵਾਲੇ ਸਾਲਾਂ ਵਿੱਚ ਪੰਜਾਬੀ ਵੱਸੋਂ ਦੇ ਵਾਧੇ ਦੀ ਸੰਭਾਵਨਾ ਹੈ ।ਇਸ ਭਾਸ਼ਾ ਦੇ ਵਿਕਾਸ ਦਾ ਏਥੇ ਕਾਫ਼ੀ scope ਹੈ। ਸੱਭ ਤੋਂ ਵੱਡੀ ਇਤਿਹਾਸਕ ਗੱਲ ਇਹ ਹੋਈ ਕਿ ਕਨੇਡਾ ਦੀ ਸੰਸਦ ਦੀ ਤੀਜੇ ਨੰਬਰ ਦੀ ਭਾਸ਼ਾ ਪੰਜਾਬੀ ਬਣ ਗਈ ਹੈ। UBC, Kwantlen, ਯੂਨੀਵਰਸਿਟੀ ਕਾਲਜ, ਸਰੀ ਅਤੇ ਰਿਚਮੋਂਡ ( ਬੀ ਸੀ) ਅਤੇ ਫਰੇਜ਼ਰ ਵੈਲੀ ਕਾਲਜ, ਐਬਟਸਫੋਰਡ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ। ਆਸਟ੍ਰੇਲੀਆ ਵਰਗੇ ਦੇਸ਼ ਵਿਚੱ ਪੰਜਾਬੀ ਬੋਲੀ ਆਪਣਾ ਚੰਗਾ ਸਥਾਨ ਬਣਾ ਰਹੀ ਹੈ। 2021 ਦੀ ਜਨਗਣਨਾ ਦੇ ਅੰਕੜਿਆਂ ਤੋ ਬਾਅਦ ਸਰਕਾਰ, ਪੱਛਮੀ ਆਸਟ੍ਰੇਲੀਆ, ਵਿਕਟੋਰੀਆ ਅਤੇ ਸਾਊਥ ਵੇਲਜ਼ ਦੇ ਸੂਬਿਆਂ ਵਿੱਚ ਪੰਜਾਬੀ ਪੜ੍ਹਾਉਣ ਲਈ ਰਾਜ਼ੀ ਹੋ ਗਈ ਹੈ। ਇਸ ਤਰ੍ਹਾਂ ਇਹ ਭਾਸ਼ਾ ਸੰਸਾਰ ਭਰ ਵਿੱਚ ਫੈਲ ਰਹੀ ਹੈ।
ਪੰਜਾਬ ਤੋਂ ਹਰ ਸਾਲ ਵਿਦੇਸ਼ਾਂ ਵਿੱਚ ਪ੍ਰਵਾਸ ਲੈਣ ਵਾਲਿਆਂ ਦੀ ਜਿਸ ਪ੍ਰਕਾਰ ਗਿਣਤੀ ਵੱਧ ਰਹੀ ਹੈ ਅਤੇ ਪਹਿਲਾਂ ਤੋਂ ਵੀ ਭਾਰੀ ਗਿਣਤੀ ਵਿੱਚ ਲੋਕ ਵੱਖ ੨ ਦੇਸ਼ਾਂ ਦੇ ਨਾਗਰਿਕ ਜਾਂ ਪੱਕੇ ਨਿਵਾਸੀ ਬਣ ਚੁੱਕੇ ਹਨ , ਜੇਕਰ ਬਾਹਰ ਆਕੇ ਉਹ ਆਪਣਾ ਵਿਰਸਾ,ਸੱਭਿਆਚਾਰ ਜਾਂ ਆਪਣੀ ਮਾਂ ਬੋਲੀ ਭੁੱਲ ਗਏ ਤਾਂ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਉਣਾ ਅਸੰਭਵ ਹੋਵੇਗਾ। ਇਸ ਲਈ ਪੰਜਾਬ ਜਾਂ ਬਾਹਰ ਵੱਸਣ ਵਾਲੇ ਸਮੂਹਾਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਆਪਣਾ ਵਿਰਸਾ ਸੰਭਾਲ਼ ਕੇ ਰੱਖਣਗੇ। ਆਪਣੇ ਇਤਿਹਾਸ ਨੂੰ ਪੜ੍ਹਨਾ, ਆਪਣੇ ਪੁਰਖਿਆਂ ਦੀਆਂ ਘਾਲਣਾ ਅਤੇ ਕੁਰਬਾਨੀਆਂ ਨੂੰ ਯਾਦ ਰੱਖਣਾ ਅਤੇ ਆਪਣੀ ਮਾਂ ਬੋਲੀ ਨੂੰ ਜਿਊਂਦੇ ਰੱਖਣਾ ਹਮੇਸ਼ਾ ਸਾਨੂੰ ਮਨ ਮਸਤਕ ਵਿੱਚ ਵਸਾਕੇ ਰੱਖਣਾ ਪਵੇਗਾ। ਕੋਈ ਮੁਸ਼ਕਿਲ ਵੀ ਨਹੀਂ , ਬੱਸ ਏਨੀ ਕੁ ਗੱਲ ਕਿ ਕਿਸੇ ਦੂਜੇ ਦੀ ਭਾਸ਼ਾ ਦੇ ਮਗਰ ਲੱਗ ਕੇ ਆਪਣੀ ਨ ਵਿਸਾਰਿਓ। ਘਰ ਪਰੀਵਾਰ ਵਿੱਚ ਪੰਜਾਬੀ ਪੜ੍ਹੋ, ਬੋਲੋ ਅਤੇ ਸੁਣੋ। ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਕਰੋ। ਕਨੇਡਾ ਦੀਆਂ ਲਾਇਬ੍ਰੇਰੀਆਂ ਵਿੱਚ ਜਾਓ ਤੁਹਾਨੂੰ ਓਥੇ ਮੁਫ਼ਤ ਵਿੱਚ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਲਈ ਮਿਲ ਜਾਣਗੀਆਂ। ਅੰਗਰੇਜ਼ੀ ਤਾਂ ਬਾਹਰੀ ਮਹੌਲ ਚੋਂ ਬੱਚਿਆਂ ਨੇ ਆਪੇ ਸਿੱਖ ਲੈਣੀ ਹੈ। ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਸਬੰਧੀ ਸਮੇਂ ੨ ਹੋਣ ਵਾਲੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਵਿੱਚ ਭਾਗ ਲੈਣਾ ਬਹੁਤ ਬਿਹਤਰ ਹੋਵੇਗਾ। ਆਪਣੇ ਘਰਾਂ ਵਿੱਚੋਂ ਆਪਣੀ ਮਾਂ ਬੋਲੀ ਨਾ ਮਰਨ ਦਿਓ।
ਭਾਸ਼ਾ ਵਿਗਿਆਨੀ ਲੀਨ ਹਿਨਟਨ ਆਪਣੇ ਜਿੰਦਗੀਨਾਮੇ
“Bringing Our Language, Home” ਵਿੱਚ ਲਿਖਦਾ ਹੈ,”The most important locus of language revatalization is not in the school, but rather than in home.”
ਸਿਆਣੇ ਕਹਿੰਦੇ ਨੇ ਕਿ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਵਿਸਾਰ ਦੇਂਦੀਆਂ ਹਨ ,ਉਹ ਇਤਿਹਾਸ ਤੋਂ ਮਿੱਟ ਜਾਂਦੀਆਂ ਹਨ। ਤਾਂ ਹੀ ਤਾਂ ਸਾਹਿਤ ਸਭਾਵਾਂ ਰਾਹੀਂ ਸੰਸਾਰ ਭਰ ਦੇ ਪੰਜਾਬੀ ਦੇ ਵਿਦਵਾਨ ਸਾਨੂੰ ਖ਼ਬਰਦਾਰ ਕਰਦੇ ਹਨ ਕਿ,

“ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂੰ ਰੁਲ ਜਾਓਗੇ”
ਅਤੇ ਇਕ ਹੋਰ ਪੰਜਾਬੀ ਪਿਆਰੇ ਦੀ ਵੇਦਨਾ,
ਯਾਦ ਰੱਖਿਓ ! “ ਬੋਲੀ ਨਾ ਰਹੀ ਤਾਂ ਕਵਿਤਾਵਾਂ ਮੁੱਕ ਜਾਣੀਆਂ,
ਮਾਂਵਾਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ ।
ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ,
ਦੇਖਿਓ ਪੰਜਾਬੀਓ,ਪੰਜਾਬੀ ਨਾ ਭੁਲਾ ਦਿਓ।
ਸੋ ਜਿੱਥੇ ਚੰਗਾ ਲੱਗਦਾ ਹੈ,ਓਥੇ ਹੀ ਵੱਸੋ,ਹੱਸੋ ਖੁਸ਼ੀਆਂ ਮਾਣੋ, ਸਫਲਤਾ ਦੀਆਂ ਸਿਖਰਾਂ ਛੂਹ ਲਓ ਜਾਂ ਦਰਜਣਾਂ ਬੋਲੀਆਂ ਸਿਖ ਲਓ ਪਰ ਆਪਣੇ ਘਰਾਂ ਚੋਂ ਆਪਣੀ ਮਾਂ ਬੋਲੀ ਨੂੰ ਵਿਸਾਰ ਨਾ ਦਿਓ।
ਸੁਖਵਿੰਦਰ ਸਿੰਘ ਕਾਹਲੋਂ, ਐਡਵੋਕੇਟ
ਵੱਟਸਐਪ ਨੰ: 91 94634-67090

Leave a Reply

Your email address will not be published. Required fields are marked *