ਗੁਰਦਾਸਪੁਰ, 23 ਜੂਨ ( ਸਰਬਜੀਤ ਸਿੰਘ)- ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜੋ ਹਰ ਸਾਲ ਫਸਲਾਂ ਦੇ ਮੁੱਲ ਵਿੱਚ ਵਾਧਾ ਕਰਨ ਦਾ ਐਲਾਨ ਕਰਦੀ ਹੈ ਉਸ ਤਰ੍ਹਾਂ ਹੀ ਇਸ ਸਾਲ ਵੀ ਕੇਂਦਰ ਸਰਕਾਰ ਵੱਲੋ ਇਹ 14 ਫਸਲਾ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਹੀ ਵਾਧਾ ਕੀਤਾ ਗਿਆ ਅਤੇ ਐਮ.ਐਸ.ਪੀ ਦਾ ਗਰੰਟੀ ਕਾਨੂੰਨ ਡਾ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਬਜਾਏ ਸਰਕਾਰ ਵੱਲੋਂ ਐਮ.ਐਸ.ਪੀ ਦੇਣ ਦਾ ਮੀਡੀਆ ਵਿੱਚ ਗੁੰਮਰਾਹਕੁੰਨ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਜਿਸ ਐਮ.ਐਸ.ਪੀ ਦੇ ਗਰੰਟੀ ਕਾਨੂੰਨ ਲਈ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਸ਼ੰਭੂ,ਖਨੌਰੀ,ਡੱਬਵਾਲੀ ਅਤੇ ਰਤਨਪੁਰਾ ਦੇ ਬਾਰਡਰਾ ਉੱਪਰ ਕਿਸਾਨ ਅੰਦੋਲਨ 02 ਨੂੰ ਲੜ ਰਹੇ ਹਨ ਇਹ ਉਸ ਐਮ ਐਸ ਪੀ ਦੇ ਗਰੰਟੀ ਕਾਨੂੰਨ ਦਾ ਕੇਂਦਰ ਸਰਕਾਰ ਵੱਲੋ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਇਹ ਜੋ ਸਰਕਾਰ ਨੇ ਫਸਲਾਂ ਦੇ ਮੁੱਲ ਵਿੱਚ ਵਧਦੇ ਦਾ ਐਲਾਨ ਕੀਤਾ ਇਸ ਦਾ ਫਾਇਦਾ ਪੂਰੇ ਦੇਸ਼ ਵਿੱਚ ਸਿਰਫ 7% ਕਿਸਾਨਾਂ ਨੂੰ ਹੀ ਹੁੰਦਾ ਅਤੇ ਸਰਕਾਰ ਹਰ ਸਾਲ 23 ਫਸਲਾਂ ਦੀ ਸਮਰਥਨ ਮੁੱਲ ਵਿੱਚ ਵਾਧੇ ਦਾ ਐਲਾਨ ਕਰਦੀ ਹੈ ਪ੍ਰੰਤੂ ਪੂਰੇ ਦੇਸ਼ ਦੇ 7% ਕਿਸਾਨਾਂ ਨੂੰ ਸਿਰਫ ਕਣਕ ਅਤੇ ਝੋਨੇ ਉੱਪਰ ਹੀ ਇਸ ਦਾ ਫਾਇਦਾ ਮਿਲਦਾ ਬਾਕੀ ਦੀਆਂ 21 ਫਸਲਾਂ ਸਰਕਾਰ ਵੱਲੋਂ ਐਲਾਨੇ ਗਏ ਸਮਰਥਨ ਮੁੱਲ ਤੋਂ ਬਹੁਤ ਘੱਟ ਥੱਲੇ ਵਪਾਰੀਆਂ ਵੱਲੋਂ ਖਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਜਾਂਦੀ ਹੈ।
ਸੁਖਦੇਵ ਸਿੰਘ ਭੋਜਰਾਜ ਨੇ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਗਏ ਵਾਧੇ ਨੂੰ ਨਾਕਾਫ਼ੀ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਤੱਕ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਨਹੀਂ ਬਣਾਇਆ ਜਾਂਦਾ ਉਸ ਸਮੇਂ ਤੱਕ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਉਨ੍ਹਾਂ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਮੂੰਗੀ ਦੀ ਕੀਮਤ ਵਿੱਚ 124 ਰੁਪਏ (1.44%), ਝੋਨੇ ਵਿੱਚ 117 ਰੁਪਏ (5.35%) ਅਤੇ ਬਾਜਰੇ ਦੀ ਕੀਮਤ ਵਿੱਚ 125 ਰੁਪਏ (5%) ਦਾ ਵਾਧਾ ਕੀਤਾ ਗਿਆ ਹੈ ਜਦ ਕਿ ਮਈ 2024 ਵਿੱਚ ਪੇਂਡੂ ਖੇਤਰਾਂ ਵਿੱਚ ਮਹਿੰਗਾਈ ਦਰ 5.28% ਸੀ ਅਤੇ ਇਸ ਤਰ੍ਹਾਂ ਕੇਂਦਰ ਵੱਲੋਂ ਫਸਲਾਂ ਦੇ ਸਮਰਥਨ ਮੁੱਲ ਵਿੱਚ ਕੀਤਾ ਗਿਆ ਵਾਧਾ ਨਾਂ-ਮਾਤਰ ਹੈ। ਉਨ੍ਹਾਂ ਕਿਹਾ ਕਿ 13 ਫਰਵਰੀ 2024 ਤੋਂ ਸ਼ੰਭੂ,ਖਨੌਰੀ,ਡੱਬਵਾਲੀ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਸ਼ੁਰੂ ਹੋਇਆ ਕਿਸਾਨ ਅੰਦੋਲਨ 02 ਐਮ.ਐਸ.ਪੀ ਦਾ ਗਾਰੰਟੀ ਕਾਨੂੰਨ ਬਣਨ ਤੱਕ ਜਾਰੀ ਰਹੇਗਾ।