ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਨਾਮ 30 ਅਗਸਤ ਤੱਕ ਆਨ-ਲਾਈਨ ਰਜਿਸਟਰਡ ਜਰੂਰ ਕਰਨ
ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਨਦੀਪ ਕੌਰ ਅਤੇ ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਵੱਲੋਂ ਅੱਜ ਸਥਾਨਕ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਏ.ਡੀ.ਸੀ. (ਯੂ.ਡੀ) ਨੇ ਦੱਸਿਆ ਕਿ 1 ਸਤੰਬਰ ਤੋਂ 7 ਸਤੰਬਰ ਤੱਕ ਜ਼ਿਲ੍ਹੇ ਵਿੱਚ 15 ਵੱਖ-ਵੱਖ ਸਥਾਨਾਂ ’ਤੇ ਖੇਡ ਮੁਕਾਬਲੇ ਕਰਵਾਏ ਜਾਣਗੇ ਜਦਕਿ 12 ਸਤੰਬਰ ਤੋਂ ਲੈ ਕੇ 21 ਸਤੰਬਰ 2022 ਤੱਕ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਫੁੱਟਬਾਲ, ਅਥਲੈਟਿਕਸ, ਖੋਹ-ਖੋਹ, ਕਬੱਡੀ, ਵਾਲੀਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਰੱਸਾ-ਕੱਸੀ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਹੋਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਦੇ ਇਹ ਖੇਡ ਮੁਕਾਬਲੇ ਅੰਡਰ-14, 17, 21, 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀਆਂ ਦੇ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਨਦੀਪ ਕੌਰ ਨੇ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ।ਉਨ੍ਹਾਂ ਨਾਲ ਹੀ ਜ਼ਿਲੇ ਦੇ ਸਮੂਹ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜਾ ਰਹੇ ਇਨਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਖੇਡ ਵਿਭਾਗ ਦੇ ਆਨ-ਲਾਈਨ ਪੋਰਟਲ www.punjabkhedmela2022.in ’ਤੇ 30 ਅਗਸਤ ਨੂੰ ਸ਼ਾਮ 5 ਵਜੇ ਤੱਕ ਆਪਣਾ ਨਾਮ ਜਰੂਰ ਰਜਿਸਟਰਡ ਕਰਨ।