ਆਬਾਦ ਹੁਨਰ ਹਾਟ` ਵੀ ਹੋਲੀ ਦੇ ਤਿਉਹਾਰ ਮੌਕੇ ਖੂਬਸੂਰਤ ਰੰਗ ਭਰਨ ਲਈ ਤਿਆਰ

ਗੁਰਦਾਸਪੁਰ

ਹੋਲੀ ਦੇ ਰੰਗ ਹੁਣ `ਆਬਾਦ ਹੁਨਰ ਹਾਟ` ਤੋਂ ਵੀ ਖਰੀਦੇ ਜਾ ਸਕਦੇ ਹਨ

ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ) – ਗੁਰਦਾਸਪੁਰ ਸ਼ਹਿਰ ਵਿਖੇ ਚੱਲ ਰਿਹਾ ‘ਆਬਾਦ ਹੁਨਰ ਹਾਟ’ ਹੋਲੀ ਦੇ ਤਿਉਹਾਰ ਮੌਕੇ  ਖੂਬਸੂਰਤ ਰੰਗ ਭਰਨ ਲਈ ਤਿਆਰ ਹੈ। ਆਬਾਦ ਹੁਨਰ ਹਾਟ ਵਿਖੇ ਹੋਲੀ ਲਈ ਰੰਗ-ਬਰੰਗੇ ਰੰਗ ਵੇਚਣ ਲਈ ਰੱਖੇ ਗਏ ਹਨ ਤਾਂ ਜੋ ਗੁਰਦਾਸਪੁਰ ਵਾਸੀ ਏਥੋਂ ਰੰਗ ਖਰੀਦ ਕੇ ਹੋਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਸਕਣ।  

ਰਾਸ਼ਟਰੀ ਆਜੀਵਕਾ ਮਿਸ਼ਨ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ. ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਅਬਾਦ ਹੁਨਰ ਹਾਟ ਗੁਰਦਾਸਪੁਰ ਵਿੱਚ ਲਾਲ, ਗੁਲਾਬੀ, ਹਰੇ, ਪੀਲੇ, ਨੀਲੇ, ਜਾਮਨੀ ਰੰਗਾਂ ਸਮੇਤ ਵੱਖ-ਵੱਖ ਰੰਗਾਂ ਦੇ ਰੰਗ ਵਿਕਣ ਲਈ ਰੱਖੇ ਗਏ ਹਨ ਜੋ ਕਿ ਚਮੜੀ ਲਈ ਬਿਲਕੁਲ ਸੁਰੱਖਿਅਤ ਹਨ। ਉਨ੍ਹਾਂ ਗੁਰਦਾਸਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੋਲੀ ਦੀਆਂ ਖੁਸ਼ੀਆਂ ਮਨਾਉਣ ਲਈ ਰੰਗ ਤੇ ਤੋਹਫ਼ੇ `ਅਬਾਦ ਹੁਨਰ ਹਾਟ` ਤੋਂ ਖਰੀਦਣ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ `ਆਬਾਦ ਹੁਨਰ ਹਾਟ` ਵਿੱਚ ਰੰਗੀਨ ਫੁਲਕਾਰੀ ਦੁਪੱਟੇ, ਬੱਚਿਆਂ ਲਈ ਲੱਕੜ ਦੇ ਖਿਡੌਣੇ ਅਤੇ ਤੁਹਾਡੇ ਅਜ਼ੀਜ਼ਾਂ ਲਈ ਖੂਬਸੂਰਤ ਤੋਹਫ਼ੇ ਵੀ ਵੇਚਣ ਲਈ ਰੱਖੇ ਗਏ ਹਨ ਜੋ ਕਿ ਕੁਆਲਟੀ ਪੱਖੋਂ ਬਹੁਤ ਵਧੀਆ ਅਤੇ ਵਾਜ਼ਬ ਕੀਮਤਾਂ ’ਤੇ ਉਪਲੱਬਧ ਹਨ।

ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸ. ਅਮ੍ਰਿਤਪਾਲ ਸਿੰਘ ਨੇ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ `ਅਬਾਦ ਹੁਨਰ ਹਾਟ` ਨੂੰ ਰੋਜ਼ਾਨਾਂ ਜ਼ਰੂਰਤ ਦੇ ਸਮਾਨ ਦੀ ਪੂਰਤੀ ਲਈ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਕਿਸਮ ਦੇ ਸਮਾਨ ਨੂੰ ਵਿਕਰੀ ਲਈ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ `ਆਬਾਦ ਹੁਨਰ ਹਾਟ` ਵਿੱਚ ਹੋਰ ਵੀ ਕਿਸਮਾਂ ਦਾ ਸਮਾਨ ਵਿਕਰੀ ਲਈ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਨ ਜ਼ਿਲ੍ਹੇ ਵਿੱਚ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਜੋ ਕਿ ਕੁਆਲਿਟੀ ਦੇ ਪੱਖ ਤੋਂ ਬਹੁਤ ਵਧੀਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਆਬਾਦ ਹੁਨਰ ਹਾਟ’ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਦੇ ਕੋਲ ਸਥਿਤ ਹੈ ਅਤੇ ਏਥੋਂ ਵੱਖ-ਵੱਖ ਤਰਾਂ ਦੇ ਘਰੇਲੂ ਜ਼ਰੂਰਤ ਦੇ ਸਮਾਨ ਨੂੰ ਖਰੀਦਿਆ ਜਾ ਸਕਦਾ ਹੈ।

Leave a Reply

Your email address will not be published. Required fields are marked *