ਚੰਡੀਗੜ੍ਹ, ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)– ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਤੋਂ ਬਾਅਦ ਵਿਸ਼ਵ ਬੈਂਕ ਤੋਂ ਵਿੱਤੀ ਸਹਾਇਤਾ ਮੰਗਣ ‘ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸਤੰਬਰ 2022 ਵਿੱਚ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਬੋਰਡ ਨੇ ਪੰਜਾਬ ਨੂੰ 150 ਮਿਲੀਅਨ ਡਾਲਰ ਦੇ ਕਰਜ਼ੇ ਨੂੰ ਪ੍ਰਵਾਨਗੀ ਦਿੱਤੀ ਸੀ ਤਾਂ ਜੋ ਸੂਬੇ ਨੂੰ ਆਪਣੇ ਵਿੱਤੀ ਸਰੋਤਾਂ ਦਾ ਬਿਹਤਰ ਪ੍ਰਬੰਧਨ ਕਰਨ ਅਤੇ ਜਨਤਕ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਨ ਵਿੱਚ ਮੱਦਦ ਕੀਤੀ ਜਾ ਸਕੇ। ਪੰਜਾਬ ਦੀ ‘ਆਪ’ ਸਰਕਾਰ ਨੇ ਇੱਕ ਵਾਰ ਫਿਰ ਵਿਸ਼ਵ ਬੈਂਕ ਕੋਲ ਪਹੁੰਚ ਕੀਤੀ ਹੈ ਤਾਂ ਜੋ ਸੂਬੇ ਦੀਆਂ ਦਰਪੇਸ਼ ਵੱਡੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ।
ਬਾਜਵਾ ਨੇ ਕਿਹਾ, ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਹਨ ਕਿ ਸਤੰਬਰ 2022 ਵਿਚ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਬੋਰਡ ਵੱਲੋਂ ਮਨਜ਼ੂਰ ਕੀਤੇ 150 ਕਰੋੜ ਡਾਲਰ ਦੇ ਕਰਜ਼ੇ ਨੂੰ ਕਿੱਥੇ ਖ਼ਰਚਿਆ?
ਬਾਜਵਾ ਨੇ ਕਿਹਾ ਕਿ 2022 ‘ਚ ਆਮ ਆਦਮੀ ਪਾਰਟੀ ਦੇ ਸੱਤਾ ‘ਚ ਆਉਣ ਵੇਲੇ ਪੰਜਾਬ ‘ਤੇ 2.60 ਲੱਖ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਸੀ। ਹੁਣ ‘ਆਪ’ ਦੀਆਂ ਗ਼ਲਤ ਨੀਤੀਆਂ ਅਤੇ ਅਰਥਵਿਵਸਥਾ ਨੂੰ ਗ਼ਲਤ ਢੰਗ ਨਾਲ ਸੰਭਾਲਣ ਕਾਰਨ ਇਸ ਵਿੱਤੀ ਸਾਲ ਦੇ ਅੰਤ ਤੱਕ ਪੰਜਾਬ ‘ਤੇ 3.74 ਲੱਖ ਕਰੋੜ ਰੁਪਏ ਦਾ ਬਕਾਇਆ ਕਰਜ਼ਾ ਹੋਣ ਦਾ ਅਨੁਮਾਨ ਹੈ। ਇਸ ਸਾਲ ਸਤੰਬਰ ‘ਚ ਫ਼ੰਡਾਂ ਦੀ ਕਮੀ ਨਾਲ ਜੂਝ ਰਹੀ ‘ਆਪ’ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ 10,000 ਕਰੋੜ ਰੁਪਏ ਦੀ ਵਾਧੂ ਉਧਾਰ ਸੀਮਾ ਦੀ ਮੰਗ ਕੀਤੀ ਸੀ। ‘ਆਪ’ ਨੇ ਸੂਬੇ ਨੂੰ ਗੰਭੀਰ ਆਰਥਿਕ ਸੰਕਟ ‘ਚ ਧੱਕ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਨਹੀਂ ਹੈ ਜੋ ਕਰਜ਼ਾ ਮੋੜੇਗੀ ਪਰ ਪੰਜਾਬ ਦੇ ਲੋਕਾਂ ਨੂੰ ਆਖ਼ਰਕਾਰ ਕਰਜ਼ਾ ਚੁਕਾਉਣਾ ਪਵੇਗਾ। ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਨਾ ਸਿਰਫ਼ ਪੰਜਾਬ ਦੇ ਲੋਕਾਂ ਨੂੰ ਭਾਰੀ ਟੈਕਸਾਂ ਦੇ ਬੋਝ ਨਾਲ ਲੁੱਟ ਰਹੀ ਹੈ, ਸਗੋਂ ਇਸ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਗੰਭੀਰ ਵਿੱਤੀ ਖ਼ਤਰੇ ‘ਚ ਪਾ ਦਿੱਤਾ ਹੈ।