ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਪਿੰਡ ਚੱਕ ਅਰਾਈਆਂ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ

ਗੁਰਦਾਸਪੁਰ

ਗੁਰਦਾਸਪੁਰ, 16 ਜਨਵਰੀ (ਸਰਬਜੀਤ ਸਿੰਘ)– ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਸੂਬੇ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ 16 ਜਨਵਰੀ ਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਚੱਕ ਅਰਾਈਆਂ ਵਿਖੇ ਨਵੇਂ ਬਣਨ ਵਾਲੇ 66 ਕੇ.ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਣਗੇ। ਇਸ ਮੌਕੇ ਉਹ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਚੱਕ ਅਰਾਈਆਂ ਵਿਖੇ 66 ਕੇਵੀ ਸਬ ਸਟੇਸ਼ਨ ਦੀ ਉਸਾਰੀ ਉੱਪਰ ਰਾਜ ਸਰਕਾਰ ਵੱਲੋਂ ਕਰੀਬ 5 ਕਰੋੜ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 66 ਕੇਵੀ ਸਬ ਸਟੇਸਨ, ਪਿੰਡ ਚੱਕ ਅਰਾਈਆਂ ਦੀ ਉਸਾਰੀ ਤੋਂ ਬਾਅਦ ਇਲਾਕੇ ਦੇ 21 ਪਿੰਡਾਂ ਚੱਕ ਅਰਾਈਆਂ, ਪੂਰੋਵਾਲ ਅਰਾਈਆਂ, ਸਿੰਘੋਵਾਲ, ਪਰਸੋ ਕਾ ਪਿੰਡ, ਦਾਖਲਾ, ਕੋਟਲੀ ਮੋਈਆਂ, ਚੌੜ ਸਿੱਧਵਾਂ, ਨਰਪੁਰ, ਵਰਸੋਲਾ, ਛੰਬ, ਮਸੀਤ, ਲੱਖੋਵਾਲ, ਮੁਸਤਫ਼ਾਬਾਦ ਸੈਦਾਂ, ਹੇਮਰਾਜਪੁਰ, ਵਰ੍ਹਿਆਂ, ਤੁੰਗ, ਖੋਖਰ, ਦਬੂੜੀ, ਧੂਤ, ਰਾਵਲਪਿੰਡੀ ਅਤੇ ਕਾਲਾ ਨੰਗਲ ਪਿੰਡਾਂ ਨੂੰ ਨਿਰਵਿਗਨ ਬਿਜਲੀ ਸਪਲਾਈ ਮਿਲੇਗੀ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ 66 ਕੇ.ਵੀ ਸਬ-ਸਟੇਸ਼ਨ ਜੌੜਾ ਛੱਤਰਾਂ ਅਧੀਨ 16 ਪਿੰਡਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ 4 ਨੰ. 11 ਕੇ.ਵੀ. ਫੀਡਰਾਂ ਦੀ ਸਪਲਾਈ ਜੰਗਲਾਤ ਏਰੀਏ ਵਿੱਚੋ ਲੱਗਣ ਕਰਕੇ ਮੀਂਹ ਅਤੇ ਹਨੇਰੀ ਵਾਲੇ ਦਿਨਾਂ ਵਿੱਚ ਜਿਆਦਾਤਰ ਬੰਦ ਰਹਿੰਦੀ ਸੀ, ਜਿਸ ਕਾਰਨ ਖਪਤਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਚੱਕ ਅਰਾਈਆਂ ਵਿਖੇ ਨਵਾਂ ਸਬ-ਸਟੇਸ਼ਨ ਬਣਨ ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ 16 ਜਨਵਰੀ ਨੂੰ 11:00 ਵਜੇ ਪਿੰਡ ਚੱਕ ਅਰਾਈਆਂ ਵਿਖੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ 66 ਕੇ.ਵੀ ਸਬ-ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਹਲਕਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਇਸ ਨੀਂਹ ਪੱਥਰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।     

Leave a Reply

Your email address will not be published. Required fields are marked *