ਅਧਿਕਾਰੀਆਂ ਤੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੂੰ ਵਿਧਾਇਗੀ ਪਾਰਟੀ ਦਿੱਤੀ

ਗੁਰਦਾਸਪੁਰ

ਜਨਾਬ ਮੁਹੰਮਦ ਇਸ਼ਫ਼ਾਕ ਨੇ ਸਮੂਹ ਜ਼ਿਲ੍ਹਾ ਵਾਸੀਆਂ, ਜਨਤਕ ਨੁਮਾਇੰਦਿਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਉਨ੍ਹਾਂ ਨੂੰ ਸਹਿਯੋਗ ਕਰਨ ਲਈ ਧੰਨਵਾਦ ਕੀਤਾ

ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਅੱਜ ਆਪਣੀ ਬਦਲੀ ਉਪਰੰਤ ਡਿਪਟੀ ਕਮਿਸ਼ਨਰ ਦਾ ਚਾਰਜ ਛੱਡਣ ਮੌਕੇ ਜ਼ਿਲ੍ਹਾ ਵਾਸੀਆਂ, ਜਨਤਕ ਨੁਮਾਇੰਦਿਆਂ, ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਹੈ। ਜਨਾਬ ਮੁਹੰਮਦ ਇਸ਼ਫ਼ਾਕ ਨੇ 11 ਫਰਵਰੀ 2020 ਨੂੰ ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ ਕਾਰਜਭਾਰ ਸੰਭਾਲਿਆ ਸੀ ਅਤੇ ਕਰੀਬ ਪੌਣੇ ਤਿੰਨ ਸਾਲ ਦੇ ਅਰਸੇ ਦੌਰਾਨ ਜ਼ਿਲ੍ਹੇ ਨੇ ਕਈ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਣਥੱਕ ਮਿਹਨਤ ਸਦਕਾ ਜ਼ਿਲ੍ਹਾ ਗੁਰਦਾਸਪੁਰ ਆਪਣੇ ਨਾਗਰਿਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵਿੱਚ ਕੌਮੀ ਪੱਧਰ ’ਤੇ ਦੂਸਰੇ ਸਥਾਨ ’ਤੇ ਰਿਹਾ ਹੈ। ਇਸ ਤੋਂ ਇਲਾਵਾ ਮਨਰੇਗਾ, ਈ-ਆਫਿਸ, ਈ-ਸੇਵਾ ਅਤੇ ਕਈ ਹੋਰ ਸੇਵਾਵਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਸੂਬੇ ਭਰ ਵਿਚੋਂ ਮੋਹਰੀ ਰਿਹਾ। ਕੋਰੋਨਾ ਕਾਲ ਦੇ ਸੰਕਟਮਈ ਸਮੇਂ ਵਿੱਚ ਵੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਯੋਗ ਅਗਵਾਈ ਵਿੱਚ ਪੂਰੇ ਜ਼ਿਲ੍ਹੇ ਦੇ ਵਸਨੀਕਾਂ ਨੇ ਸਾਥ ਦੇ ਕੇ ਬੜੀ ਕਾਮਯਾਬੀ ਨਾਲ ਕੋਰੋਨਾ ਦਾ ਟਾਕਰਾ ਕੀਤਾ ਅਤੇ ਇਸਤੇ ਫ਼ਤਹਿ ਹਾਸਲ ਕੀਤੀ। ਵਿਧਾਨ ਚੋਣਾਂ ਨੂੰ ਬਿਨ੍ਹਾਂ ਕਿਸੇ ਵਿਵਾਦ ਸਫਲਤਾ ਨਾਲ ਨੇਪਰੇ ਚਾੜਿਆ ਗਿਆ। ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ 70 ਫੀਸਦੀ ਘੱਟ ਕਰਨ ਵਿੱਚ ਸਫਲਤਾ ਮਿਲੀ। ਗੰਨਾ ਕਿਸਾਨਾਂ ਦੀ ਅਦਾਇਗੀ ਦੇ ਮਸਲੇ ਹੱਲ ਕਰਵਾਏ ਗਏ। ਜਨਾਬ ਮੁਹੰਮਦ ਇਸ਼ਫ਼ਾਕ ਨੇ ਜ਼ਿਲ੍ਹਾ ਵਾਸੀਆਂ ਨਾਲ ਆਨ-ਲਾਈਨਾਂ ਮੀਟਿੰਗਾਂ ਕਰਕੇ ਜਿਥੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਓਥੇ ਉਨ੍ਹਾਂ ਦਾ ਹੱਲ ਵੀ ਕੀਤਾ ਗਿਆ। ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਨੇਪਰੇ ਚਾੜਿਆ ਗਿਆ।

ਜ਼ਿਲ੍ਹੇ ਦੀ ਧਾਰਮਿਕ ਅਤੇ ਇਤਿਹਾਸਕ ਪਛਾਣ ਨੂੰ ਉਜਾਗਰ ਕਰਨ ਵਿੱਚ ਵੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦਾ ਵਿਸ਼ੇਸ਼ ਯੋਗਦਾਨ ਰਿਹਾ। ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਜ਼ਿਲ੍ਹੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਮੁਫ਼ਤ ਯਾਤਰਾ ਅਰੰਭੀ ਗਈ ਅਤੇ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਅਚੀਵਰ ਪ੍ਰੋਗਰਾਮ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਕਾਮਯਾਬ ਵਿਅਕਤੀਆਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤਾਂ ਜੋ ਨੌਜਵਾਨ ਪੀੜ੍ਹੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਸਕੇ।  

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਆਪਣਾ ਚਾਰਜ ਛੱਡਣ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ ਦੀ ਅਗਵਾਈ ਹੇਠ ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਡੀ.ਆਰ.ਓ. ਸ੍ਰੀ ਗੁਰਮੀਤ ਸਿੰਘ, ਡੀ.ਪੀ.ਆਰ.ਓ. ਗੁਰਦਾਸਪੁਰ ਇੰਦਰਜੀਤ ਸਿੰਘ, ਸੁਪਰਡੈਂਟ ਵਿਜੇ ਕੁਮਾਰ, ਲਖਵਿੰਦਰ ਸਿੰਘ, ਸਰਬਜੀਤ ਸਿੰਘ ਮੁਲਤਾਨੀ, ਮੁਨੀਸ਼, ਵਰਿੰਦਰ ਸਿੰਘ ਸਮੇਤ ਡੀ.ਸੀ. ਦਫ਼ਤਰ ਦੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਅਧਿਕਾਰੀਆਂ ਅਤੇ ਸਮੂਹ ਦਫ਼ਤਰ ਕਰਮਚਾਰੀਆਂ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੂੰ ਯਾਦਗਾਰੀ ਚਿੰਨ ਦੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੇਵਾ ਦੌਰਾਨ ਉਨ੍ਹਾਂ ਨੂੰ ਸਾਥੀ ਅਧਿਕਾਰੀਆਂ, ਦਫ਼ਤਰ ਦੇ ਕਰਮਚਾਰੀਆਂ, ਜਨਤਕ ਨੁਮਾਇੰਦਿਆਂ ਅਤੇ ਸਮੂਹ ਜ਼ਿਲ੍ਹਾ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਜਿਸ ਲਈ ਉਹ ਸਭ ਦਾ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹਾ ਅਤੇ ਇਥੋਂ ਦੇ ਵਸਨੀਕ ਉਨ੍ਹਾਂ ਨੂੰ ਕਦੀ ਨਹੀਂ ਭੁੱਲਣਗੇ ਅਤੇ ਉਹ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਤੇ ਤਰੱਕੀ ਦੀ ਹਮੇਸ਼ਾਂ ਅਰਦਾਸ ਕਰਦੇ ਰਹਿਣਗੇ।  

Leave a Reply

Your email address will not be published. Required fields are marked *