ਅਧਿਆਪਕ ਸੁਰਿੰਦਰ ਸਿੰਘ ਸੋਹੀ ਨੂੰ ਹੰਝੂਆਂ ਭਰੀ ਵਿਦਾਇਗੀ

ਬਠਿੰਡਾ-ਮਾਨਸਾ

ਅੰਤਿਮ ਸੰਸਕਾਰ ਮੌਕੇ ਅਨੇਕਾਂ ਵਿਦਿਆਰਥੀਆ ਨੇ ਆਦਰਸ਼ ਅਧਿਆਪਕ ਨੂੰ ਕੀਤਾ ਯਾਦ

ਸੋਹੀ ਜੀ ਦਾ ਲੰਬੀ ਬੀਮਾਰੀ ਤੋਂ ਬਾਅਦ ਸ਼ੁਕਰਵਾਰ ਸਵੇਰੇ ਦੇਹਾਂਤ ਹੋ ਗਿਆ ਸੀ

ਮਾਨਸਾ, ਗੁਰਦਾਸਪੁਰ, 30ਦਸੰਬਰ (ਸਰਬਜੀਤ ਸਿੰਘ)– ਅਨੇਕਾਂ ਵਿਦਿਆਰਥੀ ਦੇ ਭਵਿੱਖ ਨੂੰ ਰੁਸ਼ਨਾਉਣ ਵਾਲੇ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਾਲੇ ਅਧਿਆਪਕ ਸੁਰਿੰਦਰ ਸਿੰਘ ਸੋਹੀ ਨਹੀਂ ਰਹੇ। ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹੰਝੂਆਂ ਭਰੀ ਵਿਦਾਇਗੀ ਦਿੱਤੀ। ਬੇਸ਼ੱਕ ਪਿਛਲੇ ਸਮੇਂ ਕਿਸੇ ਬਿਮਾਰੀ ਕਾਰਨ ਉਹ ਘਿਰ ਗਏ, ਪਰ 81 ਵਰ੍ਹਿਆਂ ਦੌਰਾਨ ਉਨ੍ਹਾਂ ਨੇ ਕਿਸੇ ਦੀ ਟੈਂਅ ਨਹੀਂ ਮੰਨੀ। ਅਸੂਲਾਂ ਭਰੀ ਜ਼ਿੰਦਗੀ ਜਿਉਣ ਵਾਲੇ ਸੁਰਿੰਦਰ ਸਿੰਘ ਸੋਹੀ ਦੇ ਵਿਛੋੜੇ ਉਪਰ ਹਰ ਕੋਈ ਡਾਢਾ ਉਦਾਸ ਸੀ,ਪਰ ਅਜਿਹੇ ਜ਼ਿੰਦਾਦਿਲ ਅਧਿਆਪਕ ਵਿਰਲੇ ਹੋਏ ਨੇ,ਇਸ ਗੱਲ ਦੀ ਤਸੱਲੀ ਹਰ ਕੋਈ ਪ੍ਰਗਟਾ ਰਿਹਾ ਸੀ।
ਉਨ੍ਹਾਂ ਦੇ ਅਧਿਆਪਕ ਪੁੱਤਰ ਪ੍ਰੀਤ ਸੁਰਿੰਦਰ ਸੋਹੀ ਨੇ ਜਦੋਂ ਸੰਸਕਾਰ ਮੌਕੇ ਚਿਖਾ ਨੂੰ ਅਗਨੀ ਦਿਖਾਈ ਤਾਂ ਹਰ ਕਿਸੇ ਦਾ ਮਨ ਭਰ ਆਇਆ।ਉਨ੍ਹਾਂ ਦੇ ਸਾਥੀ ਅਧਿਆਪਕ ਪ੍ਰੋ.ਅੱਛਰੂ ਸਿੰਘ, ਪ੍ਰੋ.ਦਰਸ਼ਨ ਸਿੰਘ,ਪ੍ਰੋ.ਸੁਖਦੇਵ ਸਿੰਘ ਡੂੰਘੀ ਉਦਾਸੀ ਦੇ ਆਲਮ ਚ ਸਨ,ਪਰ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਸੱਚੇ ਸਾਥੀ ਅੱਜ ਕੱਲ੍ਹ ਦੀ ਜ਼ਿੰਦਗੀ ਚ ਘੱਟ ਹੀ ਮਿਲਦੇ ਨੇ। ਉਨ੍ਹਾਂ ਦੇ ਵਿਦਿਆਰਥੀ ਰਹੇ ਰਾਜ ਜੋਸ਼ੀ, ਜਤਿੰਦਰ ਆਗਰਾ ਨੇ ਸਕੂਲ ਵੇਲੇ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਕਿਹਾ ਕਿ ਸੋਹੀ ਸਾਹਿਬ ਸੱਚਮੁੱਚ ਮਹਾਨ ਅਧਿਆਪਕ ਸਨ।
ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਰੇਜੀ, ਹਿਸਟਰੀ ਦੇ ਅਧਿਆਪਕ ਰਹੇ ਸਰਦਾਰ ਸੁਰਿੰਦਰ ਸਿੰਘ ਸੋਹੀ ਦਾ ਲੰਮੀਂ ਬਿਮਾਰੀ ਤੋਂ ਬਾਅਦ ਸ਼ੁੱਕਰਵਾਰ ਦੀ ਸਵੇਰ ਨੂੰ ਦਿਹਾਂਤ ਹੋ ਗਿਆ। ਉਹ ਅਧਿਆਪਨ ਸੇਵਾ ਮੁਕਤ ਹੋ ਕੇ ਮਾਨਸਾ ਵਿਖੇ ਹੀ ਰਹਿ ਰਹੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਹੋਣ ਕਾਰਨ ਘਰ ਵਿੱਚ ਹੀ ਮੌਜੂਦ ਸਨ। ਉਹ ਵਧੀਆ, ਨੇਕ ਦਿਲ ਇਨਸਾਨ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੇ ਪੜ੍ਹਾਏ ਹੋਏ ਅਨੇਕਾਂ ਬੱਚੇ ਅੱਜ-ਕੱਲ੍ਹ ਵੱਖ-ਵੱਖ ਵਿਭਾਗਾਂ ਵਿੱਚ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ। ਉਹ ਆਪਣੇ ਪਿੱਛੇ ਧਰਮ ਪਤਨੀ, ਤਿੰਨ ਧੀਆਂ ਅਤੇ ਇੱਕ ਬੇਟਾ ਛੱਡ ਗਏ।ਉਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਰੱਜੀ ਰੂਹ ਇਨਸਾਨ ਸਨ ਅਤੇ ਲੋਕ ਕਲਾ ਮੰਚ ਮਾਨਸਾ ਦੇ ਪੁਰਾਣੇ ਕਲਾਕਾਰ ਸਨ।
ਪ੍ਰਸਿੱਧ ਰੰਗਕਰਮੀ ਮਨਜੀਤ ਕੌਰ ਔਲਖ, ਬਿੱਟੂ ਮਾਨਸਾ, ਮਨਜੀਤ ਸਿੰਘ ਚਾਹਲ,ਪ੍ਰੋ.ਸੁਪਨਦੀਪ ਕੌਰ,ਜਗਤਾਰ ਔਲਖ ਨੇ ਕਿਹਾ ਕਿ ਉਹ ਨਾਟਕਕਾਰ ਪ੍ਰੋ.ਅਜਮੇਰ ਸਿੰਘ ਔਲਖ ਦੇ ਸਾਥੀ ਰਹੇ ਅਤੇ ਲੋਕ ਕਲਾ ਮੰਚ ਮਾਨਸਾ ਨਾਲ ਜੁੜੇ ਰਹੇ।
ਉਨ੍ਹਾਂ ਦੇ ਦਿਹਾਂਤ ‘ਤੇ ਸ੍ਰੋਮਣੀ ਸਾਹਿਤਕਾਰ ਪ੍ਰੋ ਅੱਛਰੂ ਸਿੰਘ,ਪ੍ਰੋ: ਦਰਸ਼ਨ ਸਿੰਘ, ਡਾ: ਧਰਮਿੰਦਰ ਸਿੰਘ ਉੱਭਾ, ਦਵਿੰਦਰ ਸਿੰਘ ਟੈਕਸਲਾ, ਮਨਜੀਤ ਸਿੰਘ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਕਮੇਟੀ ਦੇ ਪ੍ਰਧਾਨ ਐਡਵੋਕੇਟ ਬਦਰੀ ਨਰਾਇਣ ਗੋਇਲ, ਸਕੂਲ ਪ੍ਰਿੰਸੀਪਲ ਰਿੰਪਲ ਮੋਂਗਾ, ਮਾ: ਪਵਨ ਕੁਮਾਰ, ਜਸਪਾਲ ਖੋਖਰ ਆਦਿ ਨੇ ਵੀ ਦੁੱਖ ਪ੍ਰਗਟਾਇਆ ਹੈ।
ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ ਸੋਹੀ ਭਾਵੇਂ ਇਸ ਫਾਨੀ ਸੰਸਾਰ ਨੁੰ ਅਲਵਿਦਾ ਕਹਿ ਗਏ, ਪਰ ਆਪਣੀਆਂ ਯਾਦਾਂ ਅਤੇ ਨੇਕ ਦਿਲੀ ਕਰਕੇ ਉਹ ਹਮੇਸ਼ਾ ਸਾਡੇ ਵਿੱਚ ਬਣੇ ਰਹਿਣਗੇ।
ਸੰਸਕਾਰ ਮੌਕੇ ਹਲਕਾ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ, ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ.ਜਨਕ ਰਾਜ ਗੋਇਲ,ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ,ਪ੍ਰਿੰਸੀਪਲ ਡਾ. ਵਿਜੈ ਕੁਮਾਰ ਮਿੱਢਾ,ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ,ਅਸ਼ੋਕ ਬਾਂਸਲ,ਅਧਿਆਪਕ ਆਗੂ ਜੁਗਰਾਜ ਸਿੰਘ,ਰਾਮ ਸਿੰਘ, ਅਮੋਲਕ ਡੇਲੂਆਣਾ, ਐਡਵੋਕੇਟ ਧਰਮਿੰਦਰ ਵਾਲੀਆਂ, ਨਾਟਕਕਾਰ ਬਲਰਾਜ ਮਾਨ, ਵਿਸ਼ਵਦੀਪ ਬਰਾੜ ਵੀ ਹਾਜ਼ਰ ਸਨ।
ਉਧਰ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅਧਿਆਪਕ ਸੁਰਿੰਦਰ ਸਿੰਘ ਸੋਹੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *